ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 24 ਅਗਸਤ 2020 - ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਕੋਰੋਨਾ ਦੇ 52 ਨਵੇਂ ਆਏ ਮਾਮਲਿਆਂ ਵਿਚੋਂ 8 ਮਾਮਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਸਥਿਤ ਨਿੱਜੀ ਰਿਹਾਇਸ਼ ਨਾਲ ਸਬੰਧਿਤ ਹਨ। ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ 11 ਕੇਸ ਪਿੰਡ ਬਾਦਲ ਨਾਲ ਸਬੰਧਿਤ ਹਨ ਜਦਕਿ ਬਾਕੀ ਮਾਮਲੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਹਨ। ਜੋ 11 ਕੇਸ ਬਾਦਲ ਪਿੰਡ ਨਾਲ ਸਬੰਧਿਤ ਹਨ, ਉਨ੍ਹਾਂ 'ਚੋ 8 ਮਾਮਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਸਥਿਤ ਨਿੱਜੀ ਰਿਹਾਇਸ਼ 'ਤੇ ਤਾਇਨਾਤ ਸੀ. ਆਈ. ਐੱਸ. ਐੱਫ਼. ਦੇ ਮੁਲਾਜ਼ਮਾਂ ਦੇ ਹਨ। ਇਨ੍ਹਾਂ ਦੇ ਸੈਂਪਲ 21 ਅਗਸਤ ਨੂੰ ਲਏ ਗਏ ਸੀ। ਹੁਣ ਤੱਕ ਇਥੇ 15 ਜਣੇ ਕੋਰੋਨਾ ਦੀ ਮਾਰ ਹੇਠ ਹਨ। ਸਿਹਤ ਵਿਭਾਗ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ 'ਚ ਤਬਦੀਲ ਕੀਤਾ ਹੋਇਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 687 ਹੋ ਗਿਆ ਹੈ, ਜਿਸ ਵਿਚੋਂ 390 ਮਰੀਜ਼ਾਂ ਨੂੰ ਛੁੱਟੀ ਮਿਲ ਚੁੱਕੀ ਹੈ, ਜਦੋਂਕਿ ਹੁਣ 291 ਮਾਮਲੇ ਸਰਗਰਮ ਹਨ।