ਅਸ਼ੋਕ ਵਰਮਾ
ਬਠਿੰਡਾ, 25 ਅਗਸਤ 2020 - ਬਠਿੰਡਾ ਜ਼ਿਲ੍ਹੇ ’ਚ ਅੱਜ 65 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਆਏ ਹਨ ਜੋਕਿ ਸਥਿਤੀ ਦੀ ਗੰਭੀਰਤਾ ਦਰਸਾਉਂਦੇ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ 31814 ਸੈਂਪਲ ਲਏ ਗਏ, ਜਿਨਾਂ ਵਿਚੋਂ ਕੁੱਲ 2048 ਪਾਜ਼ੀਟਿਵ ਕੇਸ ਆਏ, ਇਨ੍ਹਾਂ ਵਿਚੋਂ 1097 ਕਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰ ਪਰਤ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 642 ਕੇਸ ਐਕਟਿਵ ਹਨ ਤੇ 285 ਕੇਸ ਹੋਰ ਜ਼ਿਲ੍ਹਿਆ ਵਿੱਚ ਸ਼ਿਫਟ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤੱਕ ਜ਼ਿਲ੍ਹੇ ਅੰਦਰ 24 ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਹੋਰ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਪਾਜ਼ੀਟਿਵ 65, ਨੈਗੇਟਿਵ 318 ਤੇ ਕੋਰੋਨਾ ਪ੍ਰਭਾਵਿਤ 95 ਮਰੀਜ਼ ਠੀਕ ਹੋਣ ਉਪਰੰਤ ਆਪੋ ਆਪਣੇ ਘਰ ਵਾਪਸ ਪਰਤੇ ਗਏ।