ਪਰਵਿੰਦਰ ਸਿੰਘ ਕੰਧਾਰੀ
- ਲੋਕਾਂ ਨੂੰ ਕੋਰੋਨਾ ਸੈਂਪਲ ਕਰਵਾਉਣ ਲਈ ਕੀਤਾ ਪ੍ਰੇਰਿਤ
ਫਰੀਦਕੋਟ, 26 ਅਗਸਤ 2020 - ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।ਫਰੀਦਕੋਟ ਸ਼ਹਿਰ ਵਿੱਚ ਜਿਅਦਾ ਕੋਰੋਨਾ ਮਰੀਜ਼ਾਂ ਦੇ ਪਾਜ਼ੀਟਿਵ ਆਉਣ ਤੇ ਸੀਲ ਕੀਤੇ ਖੇਤਰ ਮਾਈਕਰੋ ਕੰਟੇਨਮੈਂਟ ਜ਼ੋਨ ਵਿੱਚ ਪਾਜ਼ੀਟਿਵ ਆਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਮੁਹੱਲਾ ਨਿਵਾਸੀਆਂ ਦੇ ਵੀ ਕੋਰੋਨਾ ਸੈਂਪਲ ਇਕੱਤਰ ਕਰਨੇ ਪੈਂਦੇ ਹਨ,ਪਰ ਫਰੀਦਕੋਟ ਦੇ ਹਰਿੰਦਰਾ ਨਗਰ ਅਤੇ ਜਤਿੰਦਰ ਚੌਕ ਦੇ ਨਿਵਾਸੀਆਂ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਕੋਰੋਨਾ ਸੈਂਪਲਿੰਗ ਲਈ ਸਹਿਯੋਗ ਨਹੀ ਦਿੱਤਾ ਜਾ ਰਿਹਾ ਸੀ।
ਅੱਜ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ,ਨਾਇਬ ਤਹਿਸੀਲਦਾਰ ਅਨਿਲ ਕੁਮਾਰ,ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਡੈਂਟਲ ਕਮ ਨੋਡਲ ਅਫਸਰ ਕੋਵਿਡ ਕੇਅਰ ਅਤੇ ਮੀਡੀਆ ਇੰਚਾਰਜ ਕੋਵਿਡ-19 ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਸੈਂਪਲਿੰਗ ਟੀਮਾਂ ਸਮੇਤ ਇਹਨਾਂ ਇਲਾਕਿਆਂ ਦਾ ਦੌਰਾ ਕੀਤਾ ਤੇ ਮੁਹੱਲਾ ਨਿਵਾਸੀਆਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਦੇਣ ਅਤੇ ਜਲਦ ਤੋਂ ਜਲਦ ਕੋਰੋਨਾ ਸੈਂਪਲਿੰਗ ਦੇਣ ਲਈ ਪ੍ਰੇਰਿਤ ਵੀ ਕੀਤਾ,ਹਰਿੰਦਰਾ ਨਗਰ ਵਿੱਚ ਟੀਮ ਨੇ 30 ਕੋਰੋਨਾ ਸੈਂਪਲ ਇਕੱਤਰ ਕੀਤੇ ਅਤੇ ਕਈ ਲੋਕਾਂ ਨੇ ਸੈਂਪਲ ਦੇਣ ਲਈ ਸਹਿਮਤੀ ਪ੍ਰਗਟਾਈ। ਇਸ ਮੌਕੇ ਲੋਕਾਂ ਨੂੰ ਕੋਰੋਨਾ ਸੈਂਪਲਿੰਗ ਪ੍ਰਕਿਰਿਆ,ਘਰ ਇਕਾਂਤਵਾਸ ਰਹਿਣ ਦੀ ਸੁਵਿਧਾ ਅਤੇ ਕੋਰੋਨਾ ਨੂੰ ਅੱਗੇ ਵੱਧਣ ਤੋਂ ਰੋਕਣ ਸਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਅਮਨ ਵੜਿੰਗ ਅਤੇ ਸਤੀਸ਼ ਗਰੋਵਰ ਨੇ ਅਧਿਕਾਰੀਆਂ ਦਾ ਸਹਿਯੋਗ ਦਿੱਤਾ।