ਪਰਵਿੰਦਰ ਸਿੰਘ ਕੰਧਾਰੀ
- ਪਲਾਜ਼ਮਾ ਦਾਨ ਕਰਕੇ ਕਰੋਨਾ ਦੇ ਗੰਭੀਰ ਮਰੀਜ਼ਾਂ ਦੀ ਬਚਾਈ ਜਾ ਸਕਦੀ ਹੈ ਜਾਨ-ਸਵਰਨਦੀਪ ਸਿੰਘ
ਫਰੀਦਕੋਟ, 28 ਅਗਸਤ 2020 - ਪੰਜਾਬ ਪੁਲਿਸ ਵੱਲੋਂ ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਜਿਥੇ ਆਪਣੀ ਡਿਊਟੀ ਪੂਰੀ ਤਨ-ਦੇਹੀ ਤੇ ਸਮਰਪਣ ਭਾਵਨਾ ਨਾਲ ਨਿਭਾਈ ਗਈ, ਉੱਥੇ ਹੀ ਪੁਲਿਸ ਫੋਰਸ ਵੱਲੋਂ ਇਸ ਮੁਸ਼ਕਿਲ ਦੀ ਘੜੀ ਵਿਚ ਗਰੀਬਾਂ ਤੇ ਲੋੜਵੰਦਾਂ ਦੀ ਹਰ ਤਰ੍ਹਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। ਇਸ ਸਮੇਂ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਵੀ ਕੋਰੋਨਾ ਮਹਾਂਮਾਰੀ ਦੀ ਲਾਗ ਹੇਠ ਆਏ ਅਤੇ ਇਸ ਉਪਰੰਤ ਉਪਚਾਰ ਨਾਲ ਹੁਣ ਪੂਰੀ ਤਰਾਂ ਤੰਦਰੁਸਤ ਹੋ ਚੁੱਕੇ ਹਨ। ਇਹਨਾਂ ਤੰਦਰੁਸਤ ਹੋ ਚੁੱਕੇ ਪੁਲੀਸ ਮੁਲਾਜ਼ਮਾਂ/ਅਧਿਕਾਰੀਆਂ ਵੱਲੋਂ ਹੁਣ ਪੂਰੇ ਸੂਬੇ ਵਿੱਚ ਆਪਣਾ ਪਲਾਜ਼ਮਾ ਦਾਨ ਕਰਕੇ ਕਰੋਨਾ ਤੋਂ ਪ੍ਰਭਾਵਿਤ ਗੰਭੀਰ ਮਰੀਜਾਂ ਦੇ ਇਲਾਜ ਲਈ ਵੱਡੀ ਪਹਿਲ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸਵਰਣਦੀਪ ਸਿੰਘ ਨੇ ਦੱਸਿਆ ਕਿ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਪੰਜਾਬ ਸਰਕਾਰ ਵੱਲੋਂ ਪਲਾਜ਼ਮਾ ਬੈਂਕ ਸਥਾਪਿਤ ਕੀਤਾ ਗਿਆ ਹੈ। ਜਿਥੇ ਕਿ ਕਰੋਨਾਂ ਬਿਮਾਰੀ ਦੀ ਲਾਗ ਤੋਂ ਪ੍ਰਭਾਵਿਤ ਠੀਕ ਹੋ ਚੁੱਕੇ ਲੋਕ ਦੁਬਾਰਾ ਟੈਸਟ ਕਰਵਾ ਕੇ ਆਪਣਾ ਪਲਾਜ਼ਮਾ ਦਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿੱਚ ਕਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਪੁਲਿਸ ਮੁਲਾਜ਼ਮਾਂ ਵੱਲੋਂ ਆਪਣਾ ਪਲਾਜ਼ਮਾ ਦਾਨ ਕੀਤਾ ਜਾ ਰਿਹਾ ਹੈ।
ਇਸੇ ਲੜੀ ਤਹਿਤ ਅੱਜ ਫਰੀਦਕੋਟ ਦੇ ਐਸ.ਆਈ ਹਰਮੇਲ ਸਿੰਘ ਅਤੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਵੱਲੋਂ ਜੋ ਕਿ ਕਰੋਨਾ ਮਹਾਂਮਾਰੀ ਤੋਂ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕੇ ਹਨ, ਵੱਲੋਂ ਆਪਣਾ ਪਲਾਜ਼ਮਾ ਦਾਨ ਕਰਕੇ ਨਵੇਕਲੀ ਪਹਿਲ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਪੁਲਿਸ ਦੇ ਇਹ ਜਵਾਨ ਹੋਰਨਾਂ ਲਈ ਵੀ ਪ੍ਰੇਰਨਾ-ਸਰੋਤ ਬਣੇ ਹਨ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਕੀਤੀ ਕਿ ਜ਼ੋ ਇਸ ਬਿਮਾਰੀ ਤੋਂ ਬਿਲਕੁਲ ਤੰਦਰੁਸਤ ਹੋ ਚੁੱਕੇ ਹਨ,ਉਹ ਆਪਣਾ ਪਲਾਜ਼ਮਾ ਦਾਨ ਕਰਨ ਤਾਂ ਜੋ ਕਰੋਨਾ ਤੋਂ ਪ੍ਰਭਾਵਿਤ ਗੰਭੀਰ ਮਰੀਜ਼ਾਂ ਦਾ ਵੱਧ ਤੋਂ ਵੱਧ ਇਲਾਜ ਕੀਤਾ ਜਾ ਸਕੇ ।ਇਸ ਮੌਕੇ ਉਨ੍ਹਾਂ ਇਨ੍ਹਾਂ ਜਵਾਨਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਐਸ.ਪੀ.ਐਚ ਸ: ਭੁਪਿੰਦਰ ਸਿੰਘ, ਐਸ.ਪੀ. ਪੀ.ਬੀ.ਆਈ. ਬਾਲ ਕਿਸ਼ਨ ਸਿੰਗਲਾ ਵੀ ਹਾਜ਼ਰ ਸਨ।