ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 29 ਅਗਸਤ 2020 - ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਦੇ ਚੱਲਦੇ ਸਰਕਾਰ ਵਲੋ ਕੋਰੋਨਾ ਵਾਇਰਸ ਦੇ ਬਚਾਅ ਲਈ ਹਰ ਰੋਜ ਸਖਤੀ ਕਰਨੀ ਪੈ ਰਹੀ ਹੈ। ਸਰਕਾਰ ਅਤੇ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਦੇ ਵੱਧ ਰਹੇੇ ਮਰੀਜ਼ਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਪਿੰਡਾਂ ’ਚ ਮੋਬਾਇਲ ਵੈਨਾਂ ਰਾਹੀਂ ਟੈਸਟ ਸ਼ੁਰੂ ਕੀਤੇ ਗਏ ਹਨ। ਇਸ ਦੌਰਾਨ ਅੱਜ ਪਿੰਡ ਭੁੱਟੀਵਾਲਾ ’ਚ ਮਾਹੌਲ ਉਸ ਸਮੇਂ ਤਨਾਅਪੂਰਨ ਹੋ ਗਿਆ, ਜਦੋਂ ਪਿੰਡ ਭੁੱਟੀਵਾਲਾ ਵਿਖੇ ਕੋਰੋਨਾ ਸਬੰਧੀ ਸੈਂਪਲ ਜਾਂਚ ਕਰਨ ਆਈਆਂ ਟੀਮਾਂ ਦਾ ਪਹੁੰਚੇ ਕਿਸਾਨ ਆਗੂਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਿਆਨ ਸਿੰਘ ਭੁੱਟੀਵਾਲਾ, ਕਰਨ ਭੁੱਟੀਵਾਲਾ ਨੇ ਦੱਸਿਆ ਕਿ ਇਹ ਹੋ ਰਹੀ ਟੈਸਟਿੰਗ ਦੀ ਉਨ੍ਹਾਂ ਨੂੰ ਕੋਈ ਜਰੂਰਤ ਨਹੀਂ ਹੈ ਕਿਉਂਕਿ ਸਾਰੇ ਪਿੰਡ ਵਾਸੀ ਪੂਰੀ ਤਰ੍ਹਾਂ ਤੰਦਰੁਸਤ ਹਨ ਇਸ ਲਈ ਉਹ ਇਹ ਟੈਸਟ ਨਹੀਂ ਕਰਵਾਉਣਾ ਚਾਹੁੰਦੇ। ਉਨ੍ਹਾਂ ਦੱਸਿਆ ਕਿ ਅਸੀ ਲਿਖਤੀ ਫ਼ੈਸਲਾ ਕੀਤਾ ਕਿ ਜੇਕਰ ਕਿਸੇ ਵਿਅਕਤੀ ’ਚ ਇਸ ਕੋਰੋਨਾ ਬਿਮਾਰੀ ਦੇ ਲੱਛਣ ਵਿਖਾਈ ਦੇਣਗੇ ਤਾਂ ਉਹ ਟੈਸਟ ਕਰਵਾਉਣ ਦਾ ਖੁਦ ਜਿੰਮੇਂਵਾਰ ਹੋਵੇਗਾ, ਪਰ ਉਹ ਧੱਕੇਸ਼ਾਹੀ ਨਾਲ ਕੀਤੇ ਜਾ ਰਹੇ ਇਨਾਂ ਕੋਰੋਨਾਂ ਟੈਸਟਾਂ ਦਾ ਵਿਰੋਧ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੋ ਰਹੇ ਟੈਸਟਾਂ ਤੋਂ ਬਾਅਦ ਲੋਕਾਂ ’ਚ ਆਪਸੀ ਭਾਈਚਾਰੇ ’ਚ ਦੂਰੀ ਪੈਦਾ ਹੋ ਰਹੀ ਹੈ ਅਤੇ ਪਿੰਡ ਵਿਚ ਸਹਿਮ ਦਾ ਮਾਹੌਲ ਹੈ।
ਕੀ ਕਹਿਣਾ ਪੁਲਿਸ ਪ੍ਰਸ਼ਾਸ਼ਨ ਦਾ...
ਇਸ ਸਬੰਧੀ ਐਸ.ਐਚ.ਓ. ਕੋਟਭਾਈ ਅੰਗਰੇਜ਼ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਅਤੇ ਇੱਕਤਰ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੀ ਸਵੈ ਇੱਛਾ ਨਾਲ ਟੈਸਟਿੰਗ ਕਰਵਾਉਣਾ ਚਾਹੁੰਦੇ ਹਨ, ਉਹ ਕਰਵਾ ਸਕਦੇ ਹਨ, ਕਿਸੇ ਨੂੰ ਵੀ ਇਸ ਟੈਸਟਿੰਗ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ।
ਕੀ ਕਹਿਣਾ ਐਸ.ਐਮ.ਓ. ਦਾ...
ਜਦ ਇਸ ਸਬੰਧੀ ਡਾ. ਰਮੇਸ਼ ਕੁਮਾਰੀ ਕੰਬੋਜ਼ ਐੋਸ.ਐਮ.ਓ. ਦੋਦਾ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪਿੰਡ ਵਿੱਚ ਕੁਝ ਵਿਅਕਤੀਆਂ ਨੇ ਕੋਰੋਨਾ ਟੈਸਟ ਸਬੰਧੀ ਗਲਤ ਅਫਵਾਹਾਂ ਫੈਲਾ ਦਿੱਤੀਆਂ ਜਿਸ ਕਾਰਨ ਇਹ ਮਾਹੌਲ ਬਣ ਗਿਆ। ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਦੀ ਤੰਦਰੁਸਤੀ ਲਈ ਇਹ ਕੋਰੋਨਾਂ ਟੈਸਟ ਕੈਂਪ ਸ਼ੁਰੂ ਕੀਤੇ ਗਏ ਹਨ, ਜਿਥੇ ਲੋਕ ਆਪਣੀ ਸਵੈ ਇੱਛਾ ਨਾਲ ਇਹ ਟੈਸਟ ਕਰਵਾ ਸਕਦੇ ਹਨ ਅਤੇ ਅੱਜ ਇਸ ਸਬੰਧੀ ਦੱਸਣ ਤੋਂ ਬਾਅਦ ਲੋਕਾਂ ਵੱਲੋਂ ਇਹ ਟੈਸਟ ਕਰਵਾਏ ਵੀ ਗਏ ਹਨ।
ਕੀ ਕਹਿਣਾ ਹੈ ਮਾਸ ਮੀਡੀਆ ਇੰਚਾਰਜ ਦਾ...
ਇਸ ਸਬੰਧੀ ਜ਼ਿਲ੍ਹਾ ਮਾਸ ਮੀਡੀਆ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਟੀਮ ਸਿਰਫ਼ ਸੈਂਪਿਗ ਲੈਣ ਲਈ ਗਈ ਸੀ, ਜਿੱਥੇ ਕਿਸਾਨਾਂ ਦੀ ਮੀਟਿੰਗ ਹੋ ਰਹੀ ਸੀ, ਜਿਸ ਵਿੱਚ ਸਿਰਫ਼ ਖੇਤੀ ਆਰਡੀਨੈਂਸਾਂ ਦੀ ਗੱਲ ਹੋ ਰਹੀ ਸੀ, ਜਿੰਨ੍ਹਾਂ ਸਰਕਾਰ ਖ਼ਿਲਾਫ਼ ਰੋਸ ਕੀਤਾ, ਜਿਸ ਤੋਂ ਬਾਅਦ ਪੁੱਜੀ ਪੁਲਸ ਤੇ ਤਹਿਸੀਲਦਾਰ ਦੋਦਾ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਪਿੰਡ ਤੇ ਖਿੜਕੀਆਂਵਾਲਾ ਸਮੇਤ ਕੁੱਲ 20 ਸੈਂਪਲ ਲਏ ਗਏ ਹਨ, ਜਿੰਨ੍ਹਾਂ ਵਿੱਚ 2 ਸੈਂਪਲ ਗਰਭਵਤੀ ਔਰਤਾਂ ਦੇ ਹਨ। ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਲਈ ਸਰਕਾਰ ਦੀ ਹਦਾਇਤ ਹੈ ਕਿ ਉਹ ਆਪਣਾ ਕਰੋਨਾ ਟੈਸਟ ਸਮੇਂ ਸਿਰ ਕਰਾਉਣ ਤਾਂ ਜੋ ਡਿਲਵਰੀ ਸਮੇਂ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।