ਅਸ਼ੋਕ ਵਰਮਾ
ਬਠਿੰਡਾ, 30 ਅਗਸਤ 2020 - ਅੱਜ ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫੂਲ ’ਚ ਪੈਂਦੇ ਪਿੰਡ ਢਪਾਲੀ ’ਚ ਪਿੰਡ ਦੀਆਂ ਪੰਚਾਇਤਾਂ, ਧਾਰਮਿਕ ਸੰਸਥਾਵਾ , ਕਿਸਾਨ ਜਥੇਬੰਦੀਆਂ ਅਤੇ ਕਲੱਬਾਂ ਤੇ ਪਿੰਡ ਵਾਸੀਆਂ ਨੇ ਮਤਾ ਪਾਸ ਕੀਤਾ ਹੈ ਕਿ ਜੇਕਰ ਸਿਹਤ ਵਿਭਾਗ ਜਾਂ ਪ੍ਰਸ਼ਾਸਨ ਦੀ ਟੀਮ ਕੋਰੋਨਾ ਟੈਸਟਿੰਗ ਦੇ ਮਾਮਲੇ ’ਚ ਜਬਰਦਸਤੀ ਕਰੇਗੀ ਤਾਂ ਉਸ ਦਾ ਵਿਰੋਧ ਕੀਤਾ ਜਾਏਗਾ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਰੋਨਾ ਟੈਸਟਿੰਗ ਦੇ ਨਾਂਅ ਤੇ ਅਜਿਹਾ ਨਾ ਕੀਤਾ ਜਾਏ ਕਿਉਂਕਿ ਇਸ ਨਾਲ ਮਹੌਲ ਖਰਾਬ ਹੋ ਸਕਦਾ ਹੈ।
ਉਨ੍ਹਾਂ ਆਖਿਆ ਕਿ ਸਭ ਤੋਂ ਪਹਿਲਾਂ ਟੀਮ ਨੂੰ ਕੋਰੋਨਾ ਟੈਸਟਿੰਗ ਵਿਰੋਧੀ ਕਮੇਟੀ ਨੂੰ ਮਿਲਣਾ ਪਵੇਗਾ ਨਹੀਂ ਤਾ ਕਿਸੇ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਪਿੰਡ ਵਾਸੀਆਂ ਅਨੁਸਾਰ ਜੇ ਕੋਈ ਆਪਣਾ ਟੈਸਟਿੰਗ ਖੁਦ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਕੋਈ ਕੋਰੋਨਾ ਦੇ ਲੱਛਣ ਆਉਂਦੇ ਹਨ ਤਾਂ ਉਸ ਨੂੰ ਵੀ ਇਕਾਂਤਵਾਸ ਪਿੰਡ ਵਿੱਚ ਹੀ ਕੀਤਾ ਜਾਵੇ ਕਿਉਂਕਿ ਇੱਥੋਂ ਦੀਆਂ ਸਰਕਾਰਾਂ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਲੋਕਾਂ ਤੇ ਲੋਕ ਮਾਰੂ ਫੈਸਲੇ ਮੜ ਰਹੀਆਂ ਹਨ।
ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਆਗੂ ਸੁਖਦੇਵ ਸਿੰਘ ਢਿਪਾਲੀ ਨੇ ਦੱਸਿਆ ਕਿ ਮਰੀਜ਼ਾਂ ਦੀ ਨਾ ਕੋਈ ਸਾਂਭ ਸੰਭਾਲ ਦੀ ਵੀ ਜ਼ਿੰਮੇਵਾਰੀ ਹੈ ਇਸ ਲਈ ਅੱਜ ਸਾਰੇ ਪਿੰਡ ਨੇ ਇਹ ਮਤਾ ਪਾਸ ਕੀਤਾ ਹੈ। ਉਨ੍ਹਾਂ ਆਖਿਆ ਕਿ ਮਤੇ ਤੋਂ ਬਾਅਦ ਜੇਕਰ ਧੱਕੇ ਨਾਲ ਸਿਹਤ ਵਿਭਾਗ ਦੀ ਟੀਮ ਜਾਂ ਕੋਈ ਅਧਿਕਾਰੀ ਪਿੰਡ ਵਿੱਚ ਦਾਖਲ ਹੁੰਦਾ ਹੈ ਤਾਂ ਉਹ ਸਥਿਤੀ ਪ੍ਰਤੀ ਆਪ ਜ਼ਿੰਮੇਵਾਰ ਹੋਵੇਗਾ। ਇਸ ਮੌਕੈ ਬੂਟਾ ਸਿੰਘ ਅਤੇ ਗੁਰਮੀਤ ਸਿੰਘ ਬਿੱਲੂ ਆਗੂ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਪਿੰਡ ਢਪਾਲੀ ਵੀ ਹਾਜਰ ਸਨ।