ਅਸ਼ੋਕ ਵਰਮਾ
- ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਦੇ 85 ਨਵੇਂ ਕੇਸ ਮਿਲੇ
ਬਠਿੰਡਾ, 30 ਅਗਸਤ 2020 - ਅੱਜ ਬਠਿੰਡਾ ’ਚ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਵਾਲੀਆ ਦੀ ਕੋਰੋਨਾ ਨਾਲ ਮੌਤ ਹੋ ਗਈ। ਕੋਰੋਨਾ ਕਾਰਨ ਹੁਣ ਤੱਕ 33 ਮੌਤਾਂ ਹੋ ਚੁੱਕੀਆਂ ਹਨ। ਦਰਸ਼ਨ ਸਿੰਘ ਵਾਲੀਆ ਦਾ ਪਿਛਲੇ ਕਰੀਬ 26 ਦਿਨਾਂ ਤੋਂ ਮੈਡੀਕਲ ਕਾਲਜ ਫ਼ਰੀਦਕੋਟ ‘ਚ ਇਲਾਜ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਵਾਲੀਆ ਨੇ ਕੁੱਝ ਸਮਾਂ ਪਹਿਲਾਂ ਦਿਲ ਦਾ ਆਪ੍ਰਰੇਸ਼ਨ ਕਰਵਾਇਆ ਸੀ। ਉਹ ਸ਼ੂਗਰ ਤੇ ਬਲੱਡ ਪ੍ਰਰੈਸ਼ਰ ਦੀ ਬੀਮਾਰੀ ਤੋਂ ਵੀ ਪੀੜਤ ਸਨ। ਪਤਾ ਲੱਗਿਆ ਹੈ ਕਿ ਲੰਘੀ ਚਾਰ ਅਗਸਤ ਨੂੰ ਵਾਲੀਆ ਦਾ ਕੋਰੋਨਾ ਟੈਸਟ ਗਿਆ ਸੀ ਜਿਸਦੀ ਰਿਪੋਰਟ ਪਾਜ਼ੀਟਿਵ ਆਉਣ ਉਪਰੰਤ ਉਨ੍ਹਾਂ ਨੂੰ ਫ਼ਰੀਦਕੋਟ ਮੈਡੀਕਲ ਕਾਲਜ ’ਚ ਰੈਫ਼ਰ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਨੇ ਲਗਾਤਾਰ 26 ਦਿਨ ਉਸਦਾ ਇਲਾਜ ਕੀਤਾ ਪਰ ਐਤਵਾਰ ਨੂੰ ਉਸਦੀ ਮੌਤ ਹੋ ਗਈ। ਦਰਸ਼ਨ ਸਿੰਘ ਵਾਲੀਆ ਦੀ ਮ੍ਰਿਤਕ ਦੇਹ ਦਾ ਅੱਜ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਪੂਰੀਆਂ ਸਾਵਾਧਾਨੀਆਂ ਦੀ ਵਰਤੋਂ ਕਰਦਿਆਂ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਉੱਧਰ ਬਠਿੰਡਾ ਜ਼ਿਲ੍ਹੇ ’ਚ ਅੱਜ ਕੋਰੋਨਾ ਵਾਇਰਸ ਦੇ 85 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨੂੰ ਲੈਕੇ ਸਿਹਤ ਵਿਭਾਗ ਚਿੰਤਤ ਹੋ ਗਿਆ ਹੈ। ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ 34031 ਸੈਂਪਲ ਲਏ ਗਏ, ਜਿਨ੍ਹਾਂ ਵਿਚੋਂ 2494 ਮਾਮਲੇ ਪਾਜ਼ੀਟਿਵ ਹਨ ਜਦੋਂਕਿ 1441 ਕੋਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰ ਪਰਤ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ‘ਚ ਕੁੱਲ 685 ਕੇਸ ਐਕਟਿਵ ਹਨ ਅਤੇ 335 ਕੇਸ ਹੋਰ ਜ਼ਿਲ੍ਹਿਆਂ ‘ਚ ਸ਼ਿਫਟ ਹੋ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਤੇ ਸਰਕਾਰ ਦੇ ਨਿਯਮਾਂ ਦਾ ਪਾਲਣ ਕਰਕੇ ਹੀ ਕੋਰੋਨਾ ਤੋਂ ਬਚ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨੇ ਕੇ ਰੱਖਣ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਵੀ ਕਿਹਾ ਤਾਂ ਜੋ ਕੋਰੋਨਾ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।