ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 2 ਸਤੰਬਰ 2020 - ਸ੍ਰੀ ਮੁਕਤਸਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਜਿੰਨ੍ਹਾਂ ਦੀ 18 ਅਗਸਤ ਨੂੰ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਰਕੇ ਉਹ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ’ਚ ਹੀ ਹੋਮ ਕੁਆਰੰਟਾਈਨ ਚੱਲ ਰਹੇ ਸਨ, ਦੇ ਵਿਭਾਗ ਵੱਲੋਂ ਦੁਬਾਰਾ ਲਏ ਗਏ ਸੈਂਪਲਾਂ ਦੇ ਨਤੀਜੇ ਵਿੱਚ ਰੋਜ਼ੀ ਬਰਕੰਦੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਹ ਜਾਣਕਾਰੀ ਖੁਦ ਉਨ੍ਹਾਂ ਫੋਨ ’ਤੇ ਗੱਲਬਾਤ ਕਰਦਿਆਂ ਦਿੱਤੀ ਹੈ। ਵਿਧਾਇਕ ਰੋਜ਼ੀ ਬਰਕੰਦੀ ਨੇ ਦੱਸਿਆ ਕਿ ਘਰ ਅੰਦਰ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪੂਰਨ ਖਿਆਲ ਰੱਖਦਿਆਂ ਕੋਰੋਨਾ ’ਤੇ ਫਤਿਹ ਪਾਈ ਹੈ। ਉਨ੍ਹਾਂ ਦੱਸਿਆ ਕਿ ਉਹ ਜਲਦ ਹੀ ਆਪਣੇ ਹਲਕੇ ਸ੍ਰੀ ਮੁਕਤਸਰ ਸਾਹਿਬ ’ਚ ਵਿਚਰਨਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੁੱਦਾ ਫ਼ਿਰ ਤੋਂ ਚੁੱਕਣਗੇ। ਵਿਧਾਇਕ ਰੋਜ਼ੀ ਬਰਕੰਦੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਘਬਰਾਉਣ ਦੀ ਨਹੀਂ, ਸਗੋਂ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।