ਹਰਿੰਦਰ ਨਿੱਕਾ
ਸੰਗਰੂਰ, 9 ਸਤੰਬਰ 2020 - ਮਿਸ਼ਨ ਫਤਿਹ’ ਮੁਹਿੰਮ ਵਿਚ ਮੂਹਰਲੀ ਲਾਇਨ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਹੌਲਦਾਰ ਹਰਜਿੰਦਰ ਸਿੰਘ ਨੇ ਆਪਣੀ ਕੋਰੋਨਾ ਤੇ ਜਿੱਤ ਦਾ ਸਿਹਰਾ ਜ਼ਿਲ੍ਹਾ ਪ੍ਰਸ਼ਾਸਨ ਤੇ ਕੋਵਿਡ ਕੇਅਰ ਸੈਂਟਰ ਘਾਬਦਾਂ ਦੇ ਵਧੀਆ ਪ੍ਰਬੰਧਾਂ ਨੂੰ ਦਿੱਤਾ। ਜ਼ਿਲ੍ਹੇ ਦੇ ਸਿਹਤ ਬਲਾਕ ਲੌਂਗੋਵਾਲ ਅਧੀਨ ਆਉਂਦੇ ਪਿੰਡ ਤੁੰਗਾਂ ਦਾ ਹਰਜਿੰਦਰ ਸਿੰਘ ਸਾਇਬਰ ਸੈੱਲ, ਪੁਲਿਸ ਲਾਈਨ ਸੰਗਰੂਰ ਵਿਖੇ ਬਤੌਰ ਹੈੱਡ ਕਾਂਸਟੇਬਲ ਕੰਮ ਕਰ ਰਿਹਾ ਹੈ। ਹਰਜਿੰਦਰ ਸਿੰਘ ਨੂੰ ਬੁਖ਼ਾਰ ਦੀ ਸ਼ਿਕਾਇਤ ਤੋਂ ਬਾਅਦ ਕੋਵਿਡ-19 ਨਮੂਨਾ ਲਿਆ ਗਿਆ ਸੀ ਤੇ ਉਸ ਦੀ ਰਿਪੋਰਟ ਪਾਜ਼ੀਟਿਵ ਆ ਗਈ ਸੀ।
ਉਨ੍ਹਾਂ ਨੂੰ ਲੱਛਣ ਨਜਰ ਆਉਣ ਤੇ ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਦਾਖਲ ਕਰਵਾਇਆ ਗਿਆ।ਹਰਜਿੰਦਰ ਸਿੰਘ ਨੇ ਦੱਸਿਆ ਕਿ ਘਾਬਦਾਂ ਵਿਖੇ ਉਸ ਦਾ ਡਾਕਟਰਾਂ ਦੀ ਟੀਮ ਵੱਲੋਂ ਚੰਗੀ ਤਰ੍ਹਾਂ ਖਿਆਲ ਰੱਖਿਆ ਗਿਆ, ਉਹਨਾਂ ਨੂੰ ਸਮੇਂ ਸਿਰ ਵਧੀਆ ਖਾਣਾ, ਫ਼ਲ, ਦੁੱਧ ਦਿੱਤਾ ਗਿਆ ਅਤੇ ਸਾਫ਼ ਸਫ਼ਾਈ ਦਾ ਵੀ ਪੂਰਾ ਧਿਆਨ ਰੱਖਿਆ ਗਿਆ । ਜਿਸ ਕਾਰਣ ਉਹ ਬਿਲਕੁਲ ਠੀਕ ਹੋ ਕੇ ਘਰ ਪਹੁੰਚ ਗਿਆ ਹੈ ਅਤੇ ਸਿਹਤ ਵਿਭਾਗ ਦੀ ਹਦਾਇਤਾਂ ਅਨੁਸਾਰ ਉਹ ਅਗਲੇ ਕੁਝ ਦਿਨਾਂ ਲਈ ਘਰ ਵਿਚ ਇਕਾਂਤਵਾਸ ਰਹੇਗਾ।
ਹਰਜਿੰਦਰ ਸਿਘ ਨੇ ਕਿਹਾ ਕਿ ਕੋਵਿਡ-19 ਤੋਂ ਘਬਰਾਉਣ ਦੀ ਲੋੜ ਨਹੀਂ , ਇਸ ਲਈ ਜੇਕਰ ਕੋਈ ਲੱਛਣ ਨਜ਼ਰ ਆਵੇ ਤਾਂ ਲੋਕਾਂ ਨੂੰ ਉਹਨਾਂ ਵਾਂਗ ਖ਼ੁਦ ਟੈਸਟ ਕਰਾ ਲੈਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਰੋਨਾ ਸੈਂਪਲਿੰਗ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸੈਂਪਲਿੰਗ ਬਹੁਤ ਹੀ ਸਰਲ ਤਰੀਕਾ ਹੈ ਅਤੇ ਇਹ ਕੁਝ ਹੀ ਸੈਕਿੰਟਾਂ ਦੀ ਪ੍ਰਕਿਰਿਆ ਹੈ।
ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਲੌਂਗੋਵਾਲ ਡਾ. ਅੰਜੂ ਸਿੰਗਲਾ ਨੇ ਹਰਜਿੰਦਰ ਸਿੰਘ ਦੇ ਹੌਂਸਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਘਰ ਆਉਣ ਵਾਲਿਆਂ ਵਲੋਂ ਸਮਾਜ ਨੂੰ ਵੀ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ। ਬਲਾਕ ਐਜੂਕੇਟਰ ਯਾਦਵਿੰਦਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਜਾਰੀ ਹਦਾਇਤ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਇਰਸ ਦੀ ਲਾਗ ਤੋਂ ਬਚਣ ਲਈ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਪਹਿਨਣ, ਸਮਾਜਿਕ ਦੂਰੀ ਤੇ ਵਾਰ ਵਾਰ ਹੱਥ ਧੋਣ ਦੇ ਨਿਯਮਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾ ਲੈਣਾ ਚਾਹੀਦਾ ਹੈ।