ਮਨਪ੍ਰੀਤ ਸਿੰਘ ਜੱਸੀ
- ਸਾਰੇ ਦਫਤਰ ਦੇ ਕਰਮਚਾਰੀਆਂ ਦੇ ਵੀ ਸਿਹਤ ਵਿਭਾਗ ਦੀ ਟੀਮ ਨੇ ਲਏ ਨਮੂਨੇ
- ਉਨ੍ਹਾਂ ਲੋਕਾਂ ਨੂੰ ਵੀ ਕੀਤੀ ਟੈਸਟ ਕਰਵਾਉਣ ਦੀ ਅਪੀਲ
ਅੰਮ੍ਰਿਤਸਰ, 11 ਸਤੰਬਰ 2020 - ਕੋਰੋਨਾ ਵਿਰੁੱਧ ਚੱਲ ਰਹੀ ਜੰਗ ਵਿਚ ਜਿੱਤ ਪਾਉਣ ਦੇ ਇਰਾਦੇ ਨਾਲ ਪੰਜਾਬ ਸਰਕਾਰ ਵੱਲੋਂ ਸਾਰੇ ਦਫਤਰਾਂ ਅਤੇ ਜਨਤਕ ਸਥਾਨਾਂ ਉਤੇ ਕੰਮ ਕਰਦੇ ਕਰਮਚਾਰੀਆਂ ਦਾ ਕੋਵਿਡ-19 ਟੈਸਟ ਕਰਵਾਉਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਦੀ ਟੀਮ ਨੇ ਡਿਪਟੀ ਕਮਿਸ਼ਨਰ ਅਤੇ ਉਨ੍ਹਾਂ ਦੇ ਸਾਰੇ ਸਟਾਫ ਦੇ ਕੋਰੋਨਾ ਟੈਸਟ ਕੀਤੇ, ਜੋ ਕਿ ਸਾਰੇ ਨੈਗਟਿਵ ਆਏ। ਇਸ ਮੌਕੇ ਸਿਹਤ ਵਿਭਾਗ ਦੀ ਮੋਬਾਈਲ ਵੈਨ ਵਿਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਐਡੀਸ਼ਨਲ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ ਸਮੇਤ ਦਫਤਰ ਵਿਚ ਹਾਜ਼ਰ ਸਾਰੇ ਕਰਮਚਾਰੀਆਂ ਦੇ ਨਮੂਨੇ ਲਏ ਗਏ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਡਿਪਟੀ ਕਮਿਸ਼ਨਰ ਖਹਿਰਾ ਨੇ ਇਸ ਮੌਕੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕਰਦੇ ਕਿਹਾ ਕਿ ਤੁਹਾਡੇ ਵੱਲੋਂ ਸੰਕਟ ਦੇ ਦਿਨਾਂ ਵਿਚ ਕੀਤੀ ਜਾ ਰਹੀ ਸੇਵਾ ਉਤੇ ਸਾਨੂੰ ਮਾਣ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਤੇ ਆਪਣੇ ਚਹੇਤਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਆਪਣੇ ਕੋਰੋਨਾ ਟੈਸਟ ਜ਼ਰੂਰ ਕਰਵਾਉਣ, ਤਾਂ ਕਿ ਕੋਰੋਨਾ ਦਾ ਹੋ ਰਿਹਾ ਵਾਧਾ ਰੋਕਿਆ ਜਾ ਸਕੇ। ਖਹਿਰਾ ਨੇ ਕਿਹਾ ਕਿ ਜੇਕਰ ਟੈਸਟ ਦੌਰਾਨ ਕਿਧਰੇ ਰਿਪੋਰਟ ਪਾਜ਼ੀਟਿਵ ਵੀ ਆ ਜਾਵੇ ਤਾਂ ਤੁਸੀਂ ਆਪਣੇ ਘਰ ਵਿਚ ਵੱਖਰੇ ਕਮਰੇ ਵਿਚ ਰਹਿ ਕੇ ਆਪਣਾ ਇਲਾਜ ਕਰ ਸਕਦੇ ਹੋ ਅਤੇ ਡਾਕਟਰ ਤਹਾਨੂੰ ਦਵਾਈ ਦੇ ਨਾਲ-ਨਾਲ ਮਸ਼ਵਰਾ ਦਿੰਦੇ ਰਹਿਣਗੇ। ਇਸ ਤਰ੍ਹਾਂ ਇਕ ਤਾਂ ਤੁਸੀਂ ਛੇਤੀ ਸਿਹਤਯਾਬ ਹੋਵੋਗੇ, ਦੂਸਰਾ ਤੁਹਾਡਾ ਪਰਿਵਾਰ ਇਸ ਦੀ ਲਾਗ ਤੋਂ ਬਚ ਜਾਵੇਗਾ। ਇਸ ਤਰ੍ਹਾਂ ਕੋਰੋਨਾ ਨੂੰ ਅੱਗੇ ਫੈਲਣ ਦਾ ਮੌਕਾ ਨਹੀਂ ਮਿਲੇਗਾ ਅਤੇ ਥੋੜੇ ਦਿਨਾਂ ਵਿਚ ਸਾਡਾ ਜ਼ਿਲ੍ਹਾ ਕੋਰੋਨਾ ਤੋਂ ਮੁਕਤ ਹੋ ਸਕੇਗਾ।