ਅਸ਼ੋਕ ਵਰਮਾ
ਬਠਿੰਡਾ, 15 ਸਤੰਬਰ 2020 - ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਕਾਰਨ ਮੌਤਾਂ ਦਾ ਸਿਲਸਿਲਾ ਜਾਰੀ ਹੈ। ਅੱਜ ਵੀ ਕਰੋਨਾ ਤਿੰਨ ਜਿੰਦਗੀਆਂ ਨਿਗਲ ਗਿਆ ਜਦੋਂਕਿ 136 ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਲੜਕੀ ਪੂਜਾ ਪਤਨੀ ਰਵੀ ਕੁਮਾਰ ਨੂੰ ਬਣੇਪੇ ਲਈ 10 ਸਤੰਬਰ ਨੂੰ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਜਾਂਚ ਕਰਨ ਤੇ ਪੂਜਾ ਕੋਰੋਨਾ ਪਾਜ਼ੀਟਿਵ ਪਾਈ ਗਈ। ਪੂਜਾ ਨੂੰ ਸਾਹ ਦੀ ਕਮੀ ਸੀ ਅਤੇ ਜਣੇਪੇ ਤੋਂ ਬਾਅਦ ਹਾਲਤ ਬਹੁਤ ਖਰਾਬ ਹੋ ਗਈ। ਇਸ ਕਰਕੇ 13 ਸਤੰਬਰ ਨੂੰ ਪੂਜਾ ਨੂੰ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਲਿਆਂਦਾ ਗਿਆ ਸੀ ਜਿੱਥੇ ਅੱਜ ਸਵੇਰੇ ਪੂਜਾ ਦੀ ਮੌਤ ਹੋ ਗਈ। ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੁਸਾਇਟੀ ਦੀ ਟੀਮ ਨੇ ਪੂਜਾ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਬਠਿੰਡਾ ਦੀ ਮੌਰਚਰੀ ’ਚ ਰਖਵਾ ਦਿੱਤਾ ਜਿੱਥੋਂ ਉਸ ਦੇ ਵਾਰਿਸ ਅੰਤਮ ਸਸਕਾਰ ਲਈ ਲੈ ਗਏ।
ਇਸੇ ਤਰ੍ਹਾਂ ਹੀ ਦਰਸ਼ਨ ਲਾਲ ਪੁੱਤਰ ਹੰਸ ਰਾਜ ਵਾਸੀ ਗੋਨਿਆਣਾ ਮੰਡੀ ਦੀ ਅੱਜ ਦੁਪਹਿਰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਦਰਸ਼ਨ ਲਾਲ 12 ਤਰੀਕ ਨੂੰ ਕੋਰੋਨਾ ਪਾਜ਼ੀਟਿਵ ਆਇਆ ਸੀ। ਸਹਾਰਾ ਜਨਸੇਵਾ ਦੇ ਵਲੰਟੀਅਰਾਂ ਵੱਲੋਂ ਪੀਪੀ ਕਿੱਟਾਂ ਪਾਕੇ ਦਰਸ਼ਨ ਲਾਲ ਦਾ ਅੰਤਮ ਸਸਕਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਰਾਮ ਚੰਦ ਪੁੱਤਰ ਸੱਤ ਨਰਾਇਣ ਵਾਸੀ ਸਿਰਕੀ ਬਜਾਰ ਦੀ ਮੌਤ ਹੋ ਗਈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਲਾਸ਼ ਨੂੰ ਫਰੀਦਕੋਟ ਮੈਡੀਕਲ ਕਾਲਜ ਚੋਂ ਲਿਆਕੇ ਪੂਰੀਆਂ ਸਾਵਧਾਨੀਆਂ ਸਾਹਿਤ ਅੰਤਮ ਸਸਕਾਰ ਕੀਤਾ ਹੈ। ਓਧਰ ਬਠਿੰਡਾ ’ਚ ਅੱਜ ਕੋਰੋਨਾ ਦੇ 136 ਨਵੇਂ ਮਾਮਲੇ ਸਾਹਮਣੇ ਆਏ ਹਨ।
ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ 46915 ਸੈਂਪਲ ਲਏ ਗਏ, ਜਿਨ੍ਹਾਂ ਵਿਚੋਂ ਕੁੱਲ 4358 ਪਾਜ਼ੀਟਿਵ ਕੇਸ ਆਏ, ਇਨ੍ਹਾਂ ਵਿਚੋਂ 2685 ਕੋਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰ ਪਰਤ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 1027 ਕੇਸ ਐਕਟਿਵ ਹਨ ਤੇ 570 ਕੇਸ ਹੋਰ ਜ਼ਿਲ੍ਹਿਆ ਵਿੱਚ ਸ਼ਿਫਟ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤੱਕ ਜ਼ਿਲ੍ਹੇ ਅੰਦਰ 76 ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਹੋਰ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਪਾਜ਼ੀਟਿਵ 136, ਨੈਗੇਟਿਵ 535 ਤੇ ਕੋਰੋਨਾ ਪ੍ਰਭਾਵਿਤ 79 ਮਰੀਜ਼ ਠੀਕ ਹੋਣ ਉਪਰੰਤ ਆਪੋ ਆਪਣੇ ਘਰ ਵਾਪਸ ਪਰਤੇ ਗਏ।