ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ 2020 - ਸ੍ਰੀ ਮੁਕਤਸਰ ਸਾਹਿਬ ਅੰਦਰ ਅੱਜ ਫ਼ਿਰ ਕੋਰੋਨਾ ਕਰਕੇ ਦੋ ਮੌਤਾਂ ਹੋ ਗਈਆ ਹਨ, ਜਦੋਂਕਿ ਦੂਜੇ ਪਾਸੇ ਅੱਜ ਫ਼ਿਰ ਕੋਰੋਨਾ ਦੇ ਇਕੱਠੇ 28 ਨਵੇਂ ਮਾਮਲਿਆਂ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ ਪਾਜ਼ੀਟਿਵ ਆਏ ਮਾਮਲਿਆਂ ਵਿੱਚੋਂ 13 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ ਮਲੋਟ ਤੋਂ 4, ਗਿੱਦੜਬਾਹਾ ਤੋਂ 1, ਥਾਣਾ ਲੰਬੀ (ਹਵਾਲਾਤੀ) ਤੋਂ 1, ਦੋਦਾ ਤੋਂ 1, ਬਰੀਵਾਲਾ ਤੋਂ 1, ਪਿੰਡ ਮਰਾੜ ਕਲਾਂ ਤੋਂ 1, ਪਿੰਡ ਜੰਡਵਾਲਾ ਤੋਂ 1, ਪਿੰਡ ਸਰਾਏਨਾਗਾ ਤੋਂ 1 , ਦਬੜਾ ਤੋਂ 1 ਅਤੇ ਪਿੰਡ ਸ਼ਾਮ ਖੇੜਾ ਤੋਂ 1 ਕੇਸ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਉਥੇ ਹੀ ਜ਼ਿਲ੍ਹੇ ਅੰਦਰ ਪੀੜਤ ਚੱਲ ਰਹੇ ਦੋ ਮਰੀਜ਼ਾਂ ਦੀ ਅੱਜ ਕੋਰੋਨਾ ਕਰਕੇ ਮੌਤ ਹੋ ਗਈ ਹੈ। ਇਹ ਪੀੜਤ ਗਿੱਦੜਬਾਹਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਵਾਸੀ ਸਨ। ਇਸ ਤੋਂ ਇਲਾਵਾ ਅੱਜ 74 ਮਰੀਜ਼ਾਂ ਨੂੰ ਠੀਕ ਕਰਕੇ ਘਰ ਭੇਜ ਦਿੱਤਾ ਗਿਆ ਹੈ। ਅੱਜ 102 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ, ਜਦੋਂਕਿ ਹੁਣ 2154 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 413 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਅੰਕੜਾ 1847 ਹੋ ਗਿਆ ਹੈ, ਜਿੰਨ੍ਹਾਂ ਵਿੱਚੋਂ 1176 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 644 ਕੇਸ ਐਕਟਿਵ ਹਨ। ਵਰਣਨਯੋਗ ਹੈਕਿ ਅੱਜ ਹੋਈਆਂ ਮੌਤਾਂ ਤੋਂ ਬਾਅਦ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 27 ਹੋ ਗਈ ਹੈ।