ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ ਜ਼ਿਲ੍ਹੇ ਅੰਦਰ ਕੋਰੋਨਾ ਦੇ ਕੁੱਲ 74 ਨਵੇਂ ਕੇਸ ਸਾਹਮਣੇ ਆਏ ਹਨ। ਇਹ ਕੇਸ ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਨਾਲ ਵੀ ਸਬੰਧਿਤ ਹਨ। ਅੱਜ ਪਾਜ਼ੇਟਿਵ ਆਏ ਮਾਮਲਿਆਂ ਵਿੱਚੋਂ 14 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 18 ਕੇਸ ਜ਼ਿਲ੍ਹਾ ਜੇਲ੍ਹ ਬੂੜਾ ਗੁੱਜਰ, 12 ਕੇਸ ਮਲੋਟ, 17 ਕੇਸ ਗਿੱਦੜਬਾਹਾ, 1 ਕੇਸ ਪਿੰਡ ਥਾਂਦੇਵਾਲਾ, 1 ਕੇਸ ਪਿੰਡ ਸੀਰਵਾਲੀ, 1 ਕੇਸ ਲੰਬੀ, 1 ਕੇਸ ਪਿੰਡ ਦਾਨੇਵਾਲਾ, 1 ਕੇਸ ਪਿੰਡ ਸਰਾਵਾਂ ਬੋਦਲਾਂ, 1 ਕੇਸ ਪਿੰਡ ਕੋਟਲ ਸੰਘਰ, 1 ਕੇਸ ਪਿੰਡ ਬਾਦਲ, 1 ਕੇਸ ਪਿੰਡ ਖੰੁਨਣ ਕਲਾਂ,1 ਕੇਸ ਬਰੀਵਾਲਾ, 1 ਕੇਸ ਬਰੀਵਾਲਾ, 1 ਕੇਸ ਪਿੰਡ ਕੋਟਭਾਈ, 2 ਕੇਸ ਪਿੰਡ ਡੋਹਕ ਨਾਲ ਸਬੰਧਿਤ ਹਨ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 45 ਮਰੀਜਾਂ ਨੂੰ ਠੀਕ ਕਰਕੇ ਘਰ ਵੀ ਭੇਜ ਦਿੱਤਾ ਗਿਆ ਹੈ।
ਜ਼ਿਲ੍ਹੇ ਅੰਦਰ ਕੋਰੋਨਾ ਦੀ ਮੌਜੂਦਾ ਸਥਿਤੀ
ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ 843 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਮਿਲੀ ਹੈ, ਜਦੋਂਕਿ ਹੁਣ 1651 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 415 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1921 ਹੋ ਗਈ ਹੈ, ਜਿਸ ਵਿੱਚੋਂ 1221 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇੀ 673 ਕੇਸ ਐਕਟਿਵ ਚੱਲ ਰਹੇ ਹਨ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ ਹੁਣ ਤੱਕ 27 ਜਣਿਆਂ ਦੀ ਮੌਤ ਵੀ ਹੋ ਚੁੱਕੀ ਹੈ।