ਅਸ਼ੋਕ ਵਰਮਾ
- ਬਠਿੰਡਾ ’ਚ 163 ਨਵੇਂ ਮਾਮਲੇ ਆਏ
ਬਠਿੰਡਾ, 17 ਸਤੰਬਰ 2020 - ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਨੇ ਚਾਰ ਕੀਮਤੀ ਜ਼ਿੰਦਗੀਆਂ ਨਿਗਲ ਲਈਆਂ ਹਨ ਜਿਨ੍ਹਾਂ 'ਚੋਂ ਤਿੰਨ ਦਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਵੱਲੋਂ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦੀ ਹਾਜਰੀ ’ਚ ਪੀਪੀ ਕਿੱਟਾਂ ਪਾਕੇ ਨੇ ਅੰਤਮ ਸਸਕਾਰ ਕੀਤਾ ਗਿਆ ਹੈ। ਕੋਰੋਨਾ ਨਾਲ ਮੌਤ ਦੇ ਮੂੰਹ ਜਾ ਪਏ ਮਰੀਜਾਂ ਚੋਂ ਇੱਕ ਦਾ ਸਬੰਧ ਰਾਮਾ ਮੰਡੀ ਨਾਲ ਹੈ। ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚ ਰਾਮ ਕੁਮਾਰ ਸ਼ਰਮਾ (80) ਵਾਸੀ ਭਾਗੂ ਰੋਡ ਬਠਿੰਡਾ, ਕ੍ਰਿਸ਼ਨ ਲਾਲ (55) ਵਾਸੀ ਜੁਝਾਰ ਸਿੰਘ ਨਗਰ ਬਠਿੰਡਾ, ਰੇਸ਼ਮੀ ਦੇਵੀ (80) ਵਾਸੀ ਬੱਲਾ ਰਾਮ ਨਗਰ ਬਠਿੰਡਾ ਅਤੇ ਲਛਮਣ ਦਾਸ (58) ਵਾਸੀ ਗੀਤਾ ਭਵਨ ਰਾਮਾਂ ਮੰਡੀ ਜਿਲਾ ਬਠਿੰਡਾ ਸ਼ਾਮਲ ਹਨ। ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਇਨਾਂ ਵਿੱਚੋਂ ਤਿੰਨ ਮਿ੍ਰਤਕਾਂ ਦਾ ਅੰਤਿਮ ਸਸਕਾਰ ਕਰਵਾ ਦਿੱਤਾ ਹੈ ਜਦੋਂ ਕਿ ਰਾਮਾਂ ਮੰਡੀ ਦੇ ਮਿ੍ਰਤਕ ਲਛਮਣ ਦਾਸ ਦੀ ਲਾਸ਼ ਲੁਧਿਆਣਾ ਤੋਂ ਲਿਆਉਣ ਲਈ ਸੰਸਥਾ ਮੈਂਬਰ ਰਵਾਨਾ ਹੋ ਚੁੱਕੇ ਹਨ।
ਕੋਰੋਨਾ ਕਾਰਨ ਮਾਰੇ ਗਏ ਮਰੀਜ਼ਾਂ ਦੇ ਅੰਤਮ ਸਸਕਾਰ ਮੌਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਵੀ ਮੌਜੁਦ ਸਨ। ਇਨਾਂ ਮ੍ਰਿਤਕਾਂ ਸਣੇ ਬਠਿੰਡਾ ਜ਼ਿਲ੍ਹੇ ’ਚ ਕੁੱਲ 84 ਜਣਿਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਬਠਿੰਡਾ ਜ਼ਿਲ੍ਹੇ ’ਚ ਅੱਜ ਕਰੋਨਾ ਦੇ 163 ਨਵੇਂ ਮਾਮਲੇ ਸਾਹਮਣੇ ਆਏ ਹਨ। ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ 49052 ਸੈਂਪਲ ਲਏ ਗਏ ਜਿਨਾਂ ਵਿਚੋਂ ਕੁੱਲ 4630 ਪਾਜੀਟਿਵ ਕੇਸ ਆਏ ਹਨ ਇਨ੍ਹਾਂ ਵਿੱਚੋਂ 2889 ਕੋਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰ ਪਰਤ ਗਏ ਹਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਅੰਦਰ ਸਿਹਤ ਵਿਭਾਗ ਵੱਲੋਂ ਬੀਤੇ 24 ਘੰਟਿਆਂ ’ਚ ਲਏ ਕੋਰੋਨਾ ਸੈਂਪਲਾਂ ਵਿੱਚੋਂ 1107 ਜਣਿਆਂ ਦੀ ਰਿਪੋਰਟ ਨੈਗਟਿਵ ਆ ਗਈ ਹੈ ਜਦੋਂ ਕਿ 163 ਜਣੇ ਪਾਜ਼ੀਟਿਵ ਪਾਏ ਗਏ ਅਤੇ 120 ਜਣਿਆਂ ਨੂੰ ਠੀਕ ਹੋਣ ’ਤੇ ਉਨਾਂ ਨੂੰ ਹਸਪਤਾਲਾਂ ’ਚੋਂ ਛੁੱਟੀ ਦੇ ਦਿੱਤੀ ਹੈ। ਇਸ ਸਮੇਂ ਜ਼ਿਲ੍ਹੇ ਅੰਦਰ 1064 ਕੇਸ ਐਕਟਿਵ ਹਨ ਅਤੇ 595 ਕੇਸ ਹੋਰ ਜ਼ਿਲ੍ਹਿਆਂ ’ਚ ਸ਼ਿਫਟ ਹੋ ਚੁੱਕੇ ਹਨ।