- ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਲੱਛਣ ਦਿੱਸਣ 'ਤੇ ਤੁਰੰਤ ਟੈਸਟ ਕਰਵਾਉਣ ਤੇ ਡਾਕਟਰ ਦੀ ਸਲਾਹ ਲੈਣ ਦੀ ਕੀਤੀ ਅਪੀਲ
ਜਲੰਧਰ, 18 ਸਤੰਬਰ 2020 - ਫਰੰਟ ਲਾਈਨ ਕੋਰੋਨਾ ਵਾਰੀਅਰ ਦੇ ਤੌਰ 'ਤੇ ਆਪਣੀ ਡਿਊਟੀ ਨਿਭਾਉਂਦਿਆਂ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਦੇ 17 ਦਿਨਾਂ ਬਾਅਦ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਨੇ ਸ਼ੁੱਕਰਵਾਰ ਨੂੰ ਮੁੜ ਆਪਣੀ ਡਿਊਟੀ ਜੁਆਇਨ ਕਰ ਲਈ ਹੈ। ਅੱਜ ਦਫ਼ਤਰ ਪਹੁੰਚਣ 'ਤੇ ਏਡੀਸੀ ਸਟਾਫ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਅਧਿਕਾਰੀਆਂ ਨਾਲ ਵੱਖ-ਵੱਖ ਮੁੱਦਿਆਂ 'ਤੇ ਮੀਟਿੰਗ ਕੀਤੀ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਏਡੀਸੀ ਵਿਸ਼ੇਸ਼ ਸਾਰੰਗਲ ਨੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਆਪਣੇ ਘਰ ਵਿੱਚ ਇਕਾਂਤਵਾਸ ਰਹਿੰਦਿਆਂ ਵੀਡੀਓ ਕਾਨਫਰੰਸ ਅਤੇ ਕੰਪਿਊਟਰ ਰਾਹੀਂ ਆਪਣੇ ਰੋਜ਼ਾਨਾ ਦੇ ਦਫ਼ਤਰੀ ਕੰਮ ਜਾਰੀ ਰੱਖੇ। ਇਸ ਤੋਂ ਇਲਾਵਾ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਲਈ ਬੈੱਡਾਂ ਦੀ ਉਪਲੱਧਤਾ, ਵੈਂਟੀਲੇਟਰ ਅਤੇ ਆਕਸੀਜਨ ਸਪਲਾਈ ਨੂੰ ਯਕੀਨੀ ਬਣਾਈ ਰੱਖਿਆ।
ਕੋਰੋਨਾ ਵਾਇਰਸ ਖਿਲਾਫ ਲੜਾਈ ਸਬੰਧੀ ਆਪਣੇ ਤਜ਼ੁਰਬੇ ਨੂੰ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਵਿੱਚ ਵਾਇਰਸ ਦੇ ਲੱਛਣ ਦਿੱਸਦੇ ਹਨ ਤਾਂ ਉਸ ਨੂੰ ਬਿਨਾਂ ਦੇਰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਸਤੰਬਰ ਨੂੰ ਉਹ ਘਰ ਵਿੱਚ ਹੀ ਇਕਾਂਤਵਾਸ ਵਿੱਚ ਚਲੇ ਗਏ ਸਨ ਅਤੇ ਮੈਡੀਕਲ ਪ੍ਰੋਟੋਕਾਲ ਦਾ ਪਾਲਣ ਕਰਦਿਆਂ ਘਰ ਵਿੱਚ ਵੱਖਰੇ ਰਹੇ। ਏਡੀਸੀ ਨੇ ਦੱਸਿਆ ਕਿ ਸਕਾਰਾਤਮਕ ਅਤੇ ਉਤਸ਼ਾਹਿਤ ਰਹਿ ਕੇ ਅਤੇ ਕੁਝ ਯੋਗਾ ਕਿਰਿਆਵਾਂ ਰਾਹੀਂ ਉਨ੍ਹਾਂ ਨੂੰ ਵਾਇਰਸ ਦੇ ਪ੍ਰਭਾਵ ਤੋਂ ਜਲਦੀ ਬਾਹਰ ਨਿਕਲਣ ਵਿੱਚ ਮਦਦ ਮਿਲੀ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਤੀਰੋਧੀ ਸ਼ਕਤੀ ਵਧਾਉਣ ਲਈ ਕਸਰਤ ਕਰਦੇ ਰਹਿਣਾ ਚਾਹੀਦਾ ਹੈ।
ਇਸੇ ਦੌਰਾਨ ਉਨ੍ਹਾਂ ਲਗਾਤਾਰ ਹਸਪਤਾਲਾਂ ਵਿੱਚ ਕੋਵਿਡ ਮੈਨੇਜਮੈਂਟ 'ਤੇ ਨਜ਼ਰ ਰੱਖੀ ਅਤੇ ਇਸ ਲੜਾਈ ਵਿੱਚ ਜੁਟੇ ਸਮੁੱਚੇ ਲੋਕਾਂ ਨੂੰ ਆਪਣਾ ਮਨੋਬਲ ਉੱਚਾ ਰੱਖਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਹ ਹੋਰ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਸਨ ਅਤੇ ਸਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਸਨ।
ਉਨ੍ਹਾਂ ਲੋਕਾਂ ਨੂੰ ਮਿਸ਼ਨ ਫਤਹਿ ਨੂੰ ਸਫਲ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਅਤੇ ਹੱਥ ਧੋਣ, ਸਮਾਜਿਕ ਦੂਰੀ ਤੇ ਮਾਸਕ ਪਹਿਨਣ ਵਰਗੇ ਨਿਯਮਾਂ ਨੂੰ ਅਪਨਾਉਣ ਤਾਂ ਜੋ ਉਹ ਇਸ ਬੀਮਾਰੀ ਤੋਂ ਖੁਦ ਨੂੰ ਦੂਰ ਰੱਖ ਸਕਣ।