ਅਸ਼ੋਕ ਵਰਮਾ
- ਮ੍ਰਿਤਕਾਂ ਦਾ ਸੁਸਾਇਟੀ ਵੱਲੋਂ ਅੰਤਮ ਸਸਕਾਰ
ਬਠਿੰਡਾ, 19 ਸਤੰਬਰ 2020 - ਬਠਿੰਡਾ ’ਚ ਅੱਜ 19 ਸਤੰਬਰ ਨੂੰ ਕੋਰੋਨਾ ਪੀੜਤ ਪੰਜ ਜਣਿਆਂ ਨੇ ਦਮ ਤੋੜ ਦਿੱਤਾ ਹੈ। ਇਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਇਨ੍ਹਾਂ ਮ੍ਰਿਤਕਾਂ ਵਿੱਚੋਂ ਤਿੰਨ ਜਣੇ ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਹਨ ਜਦੋਂ ਕਿ ਦੋ ਜਣੇ ਸਿਰਸਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਡਿਪਟੀ ਕਮਿਸ਼ਨਰ ਬਠਿੰਡਾ ਬੀ.ਸ੍ਰੀ ਨਿਵਾਸਨ ਅਨੁਸਾਰ ਕੋਰੋਨਾ ਨਾਲ 86 ਮੌਤਾਂ ਹੋ ਗਈਆਂ ਹਨ। ਵੇਰਵਿਆਂ ਅਨੁਸਾਰ ਮ੍ਰਿਤਕਾਂ ਵਿੱਚ ਰਮੇਸ਼ ਕੁਮਾਰ (57) ਵਾਸੀ ਗੋਨਿਆਣਾ ਜ਼ਿਲ੍ਹਾ ਬਠਿੰਡਾ, ਸੁਖਪਾਲ ਕੌਰ (62), ਵਾਸੀ ਭਾਈਰੂਪਾ ਜ਼ਿਲ੍ਹਾ ਬਠਿੰਡਾ, ਜਗਦੇਵ ਸਿੰਘ (67)ਵਾਸੀ ਦੁਲੇਵਾਲਾ ਜ਼ਿਲ੍ਹਾ ਬਠਿੰਡਾ, ਨਰੇਸ਼ ਕੁਮਾਰ (34) ਵਾਸੀ ਕਾਲਾਂਵਾਲੀ ਜ਼ਿਲ੍ਹਾ ਸਰਸਾ ਅਤੇ ਸੱਤਪਾਲ ਬਾਂਸਲ (60) ਵਾਸੀ ਡੱਬਵਾਲੀ ਜ਼ਿਲ੍ਹਾ ਸਿਰਸਾ ਸ਼ਾਮਲ ਹਨ।
ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਦੱਸਿਆ ਕਿ ਇਹ ਸਾਰੇ ਮ੍ਰਿਤਕ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਜੋ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਸਨ ਜਿਨ੍ਹਾਂ ਨੇ ਅੱਜ ਦਮ ਤੋੜ ਦਿੱਤਾ ਹੈ। ਇਨ੍ਹਾਂ ਮ੍ਰਿਤਕਾਂ ਦਾ ਤਹਿਸੀਲਦਾਰ ਸੁਖਵੀਰ ਸਿੰਘ ਬਰਾੜ ਤੇ ਪਰਿਵਾਰਕ ਮੈਂਬਰਾਂ ਦੀ ਹਾਜਰੀ ਵਿੱਚ ਸੰਸਥਾ ਮੈਂਬਰਾਂ ਸੋਨੂ ਮਹੇਸ਼ਵਰੀ, ਰਾਕੇਸ਼ ਜਿੰਦਲ, ਕਮਲਜੀਤ ਸਿੰਘ, ਬੋਬੀ ਨੇ ਸਸਕਾਰ ਕਰਵਾ ਦਿੱਤਾ ਹੈ ।
ਸਿਹਤ ਵਿਭਾਗ ਅਨੁਸਾਰ ਜਿਲੇ ਅੰਦਰ ਬੀਤੇ 24 ਘੰਟਿਆਂ ’ਚ 691 ਜਣਿਆਂ ਦੀ ਰਿਪੋਰਟ ਨੈਗਟਿਵ ਆਈ ਹੈ ਅਤੇ 82 ਜਣੇ ਪਾਜ਼ੀਟਿਵ ਆਏ ਹਨ ਜਦੋਂ ਕਿ 98 ਕੋਰੋਨਾ ਤੋਂ ਪੀੜਤ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਮਿਲ ਗਈ ਹੈ। ਇਸ ਸਮੇਂ ਜ਼ਿਲ੍ਹੇ ’ਚ 1028 ਕੇਸ ਐਕਟਿਵ ਹਨ ਅਤੇ 632 ਕੇਸ ਹੋਰ ਜ਼ਿਲ੍ਹਿਆਂ ’ਚ ਸ਼ਿਫਟ ਹੋ ਚੁੱਕੇ ਹਨ। ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ 50977 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਜਿਨ੍ਹਾਂ ਵਿਚੋਂ ਕੁੱਲ 4860 ਵਿਅਕਤੀ ਪਾਜ਼ੀਟਿਵ ਆਏ ਹਨ। ਇਨ੍ਹਾਂ ਵਿੱਚੋਂ 3114 ਕੋਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰ ਚਲੇ ਗਏ ਹਨ।