ਕਾਂਗਰਸ ਦੀ ਹਨ੍ਹੇਰੀ ਅੱਗੇ ਕਮਲ, ਤੱਕੜੀ ਅਤੇ ਝਾੜੂ ਦੇ ਤਿਨਕੇ ਉੱਡੇ - ਦੀਪਇੰਦਰ ਸਿੰਘ ਢਿੱਲੋਂ
- ਕਿਹਾ, ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹੀ ਹੋਈ ਦੇਸ਼ ਦੀ ਤਰੱਕੀ
ਜ਼ੀਰਕਪੁਰ- 30 ਮਈ 2024 - ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤ ਵਿਚ ਜਿੰਨੀ ਵੀ ਤਰੱਕੀ ਹੋਈ ਸਭ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹੀ ਹੋਈ ਹੈ। ਇਹ ਵਿਚਾਰ ਹਲਕਾ ਕਾਂਗਰਸ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਜੀ ਨੇ ਢਕੋਲੀ, ਪੀਰ ਮੁਛੱਲਾ, ਬਲਟਾਣਾ ਵਿਖੇ ਸੰਬੋਧਨ ਕਰਦਿਆਂ ਪੇਸ਼ ਕੀਤੇ। ਉਹਨਾਂ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਹੋਰ ਰਾਜਾਂ ਦੇ ਮੁਕਾਬਲੇ ਕਾਂਗਰਸ ਨੇ ਪੰਜਾਬ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ। ਦੀਪਇੰਦਰ ਢਿਲੋਂ ਨੇ ਕਿਹਾ ਕਿ ਪੰਜਾਬ ਵਿੱਚ ਜਿੰਨੇ ਵੀ ਐਜੂਕੇਸ਼ਨ ਹੱਬ, ਯੂਨੀਵਰਸਿਟੀਆਂ , ਵੱਡੇ ਹਸਪਤਾਲ ਬਣੇ ਉਹ ਸਭ ਕਾਂਗਰਸ ਸਰਕਾਰ ਦੀ ਹੀ ਦੇਣ ਹਨ।
ਉਹਨਾ ਕਿਹਾ ਕਿ ਭਾਜਪਾ ਸਰਕਾਰ ਨੇ ਪੂਰੇ ਦੇਸ਼ ਦਾ ਭੱਠਾ ਬਿਠਾ ਦਿੱਤਾ ਹੈ। ਲੋਕਾਂ ਨੂੰ ਧਰਮਾਂ ਦੇ ਨਾਂ ਤੇ ਵੰਡ ਕੇ ਰੱਖ ਦਿੱਤਾ। ਮਹਿੰਗਾਈ ਨੇ ਆਮ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ। ਢਿਲੋ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਪਾਰਟੀ ਨੂੰ ਲੋਕਾਂ ਨੇ ਸਿਰੇ ਤੋਂ ਨਕਾਰ ਦਿੱਤਾ ਅਤੇ ਆਮ ਆਦਮੀ ਪਾਰਟੀ ਦੇ ਝੂਠ ਤੋਂ ਲੋਕਾਂ ਦਾ ਭਰੋਸਾ ਉਠ ਗਿਆ ਹੈ। ਕਾਂਗਰਸ ਦੀ ਹਨ੍ਹੇਰੀ ਅੱਗੇ ਭਾਜਪਾ ਦਾ ਕਮਲ, ਅਕਾਲੀ ਦਲ ਦੀ ਤੱਕੜੀ ਅਤੇ ਆਪ ਪਾਰਟੀ ਦੇ ਝਾੜੂ ਦੇ ਤਿਨਕੇ ਉਡ ਗਏ ਹਨ। ਹੁਣ ਸਪਸ਼ਟ ਹੈ ਕਿ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣ ਰਹੀ ਹੈ।
ਉਹਨਾਂ ਕਿਹਾ ਕਿ ਸਿਰ੍ਫ ਕਾਂਗਰਸ ਹੀ ਦੇਸ ਦਾ ਭਲਾ ਕਰ ਸਕਦੀ ਹੈ। ਇਸ ਲਈ 1 ਜੂਨ ਨੂੰ ਇਮਾਨਦਾਰ ਲੀਡਰ ਡਾਕਟਰ ਧਰਮਵੀਰ ਗਾਂਧੀ ਨੂੰ ਕਾਮਯਾਬ ਬਣਾ ਕੇ ਲੋਕ ਸਭਾ ਵਿੱਚ ਭੇਜੋ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਸਮੇ ਉਹਨਾਂ ਹਲਕੇ ਦੇ ਹਰੇਕ ਪਿੰਡ ਨੂੰ ਲੱਖਾਂ ਰੁਪਏ ਵਿਕਾਸ ਕਾਰਜਾਂ ਲਈ ਦਿੱਤੇ, ਜਿਨ੍ਹਾਂ ਦਾ ਕੰਮ ਹੁਣ ਤੱਕ ਚਲ ਰਿਹਾ ਹੈ। ਪਰੰਤੂ ਜਦੋ ਦੀ ਆਪ ਸਰਕਾਰ ਆਈ ਉਸਨੇ ਡਿਵੈਲਪਮੈਂਟ ਲਈ ਇੱਕ ਰੁਪਿਆ ਵੀ ਨਹੀਂ ਖਰਚਿਆ। ਢਿਲੋਂ ਨੇ ਕਿਹਾ ਕਿ ਇਮਾਨਦਾਰੀ ਦਾ ਢੰਡੋਰਾ ਪਿੱਟਣ ਵਾਲੀ ਇਸ ਸਰਕਾਰ ਵਿਚ ਭ੍ਰਿਸ਼ਟਾਚਾਰ ਸ਼ਿਖਰ ਉੱਤੇ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸ ਦੇ ਸਮਰਥਕ ਮੌਜੂਦ ਸਨ।