ਹਰਦਮ ਮਾਨ
- ਵੀਰਵਾਰ ਨੂੰ ਫਿਰ ਮੈਟਰੋ ਵੈਨਕੂਵਰ ਵਿਚ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਬਰਫਬਾਰੀ ਹੋਣ ਦੀ ਭਵਿੱਖਬਾਣੀ
ਸਰੀ, 16 ਜਨਵਰੀ 2020 - ਬੀ.ਸੀ. ਵਿਚ ਹੋ ਰਹੀ ਭਾਰੀ ਬਰਫਬਾਰੀ ਕਾਰਨ ਸਭ ਪਾਸੇ ਸੜਕਾਂ, ਗਲੀਆਂ ਉਪਰ ਚਿੱਟੀ ਚਾਦਰ ਵਿਛ ਗਈ ਹੈ। ਤੂਫਾਨ ਦੇ ਬਾਅਦ ਕਈ ਇਲਾਕਿਆਂ ਵਿੱਚ ਘੱਟੋ ਘੱਟ 25 ਸੈਂਟੀਮੀਟਰ ਬਰਫਬਾਰੀ ਹੋ ਗਈ ਹੈ। ਬੇਸ਼ੱਕ ਸਥਾਨਕ ਸਿਟੀ ਕੌਂਸਲਾਂ ਵੱਲੋਂ ਸੜਕਾਂ ਉਪਰ ਲੂਣ ਪਾਉਣ ਅਤੇ ਸੜਕਾਂ ਤੋਂ ਬਰਫ ਹਟਾਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਰੁਕ ਰੁਕ ਕੇ ਹੋ ਰਹੀ ਬਰਫਬਾਰੀ ਦੇ ਸਾਹਵੇਂ ਇਹ ਯਤਨ ਫਿੱਕੇ ਪੈ ਰਹੇ ਹਨ। ਸੜਕਾਂ ਸਲਿਪਰੀ ਹੋਣ ਕਾਰਨ ਅਤੇ ਵਾਤਾਵਰਣ ਕੈਨੇਡਾ ਤੇ ਟਰਾਂਸਪੋਰਟ ਮਹਿਕਮੇ ਦੀਆਂ ਚਿਤਾਵਨੀਆਂ ਕਾਰਨ ਕੱਲ੍ਹ ਬੁੱਧਵਾਰ ਨੂੰ ਬਹੁਤ ਘੱਟ ਲੋਕ ਸੜਕਾਂ ਤੇ ਨਿਕਲੇ। ਬੀ.ਸੀ. ਦੇ ਤਕਰੀਬਨ ਸਾਰੇ ਸ਼ਹਿਰਾਂ ਵਿਚ ਕੱਲ੍ਹ ਸਕੂਲ ਬੰਦ ਰਹੇ। ਵਪਾਰਕ ਸਥਾਨਾਂ ਤੇ ਵੀ ਕਿਧਰੇ ਰੌਣਕ ਨਹੀਂ ਦਿਸੀ। ਲੋਕ ਵਾਰ ਵਾਰ ਆਪਣੇ ਡਰਾਈਵ ਵੇ ਵਿੱਚੋਂ ਬਰਫ ਹਟਾਉਂਦੇ ਅਤੇ ਕਾਰਾਂ ਸਾਫ ਕਰਦੇ ਦੇਖੇ ਗਏ। ਬੁੱਧਵਾਰ ਨੂੰ ਗ੍ਰੇਟਰ ਵੈਨਕੂਵਰ ਖੇਤਰ, ਫਰੇਜ਼ਰ ਵੈਲੀ ਅਤੇ ਵੈਨਕੂਵਰ ਆਈਲੈਂਡ ਖੇਤਰਾਂ ਵਿੱਚ ਸਾਰੇ ਸਕੂਲ ਬੰਦ ਕਰਨੇ ਪਏ। ਖਰਾਬ ਮੌਸਮ ਕਾਰਨ ਕੈਨੇਡਾ ਪੋਸਟ ਵੱਲੋਂ ਬੁੱਧਵਾਰ ਨੂੰ ਡਾਕ ਵੰਡਣ ਦਾ ਕਾਰਜ ਵੀ ਮੁਅੱਤਲ ਕਰ ਦਿੱਤਾ ਗਿਆ ਸੀ।
ਵਾਤਵਰਣ ਕੈਨੇਡਾ ਵੱਲੋਂ ਵੀਰਵਾਰ ਨੂੰ ਫਿਰ ਮੈਟਰੋ ਵੈਨਕੂਵਰ ਵਿਚ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਬਰਫਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਜਿਸ ਕਾਰਨ ਬ੍ਰਿਜ ਅਤੇ ਹਾਈਵੇਅ ਬੰਦ ਹੋ ਸਕਦੇ ਹਨ। ਟਰਾਂਸਪੋਰਟ ਵਿਭਾਗ ਦਾ ਕਹਿਣਾ ਹੈ ਕਿ ਜੇ ਤੂਫਾਨ ਤੇਜ਼ ਹੋਇਆ ਤਾਂ ਸੁਰੱਖਿਆ ਨੂੰ ਮੁੱਖ ਰੱਖਦਿਆਂ ਵੀਰਵਾਰ ਨੂੰ ਪੁਲ ਅਤੇ ਰਾਜਮਾਰਗਾਂ ਨੂੰ ਬੰਦ ਕਰਨਾ ਪੈ ਸਕਦਾ ਹੈ। ਵਿਭਾਗ ਨੇ ਇਹ ਵੀ ਕਿਹਾ ਕਿ ਹਾਈਵੇ 1 ਤੇ ਹੋਪ ਤੋਂ ਪੱਛਮ ਵੱਲ ਜਾਣ ਵਾਲੀਆਂ ਲੇਨਜ਼ ਨੂੰ ਬਰਫਬਾਰੀ ਕਾਰਨ ਦੁਬਾਰਾ ਬੰਦ ਕੀਤਾ ਜਾ ਸਕਦਾ ਹੈ, ਪੂਰਬ ਵੱਲ ਜਾਣ ਵਾਲੀਆਂ ਲੇਨਜ਼ ਮੰਗਲਵਾਰ ਸਵੇਰ ਤੋਂ ਬੰਦ ਕਰ ਦਿੱਤੀਆਂ ਗਈਆਂ ਹਨ।
ਇਸੇ ਦੌਰਾਨ ਬਿਜਲੀ ਦੀਆਂ ਲਾਈਨਾਂ ਤੇ ਦਰੱਖਤ ਡਿੱਗਣ ਕਾਰਨ ਬੁੱਧਵਾਰ ਦੇਰ ਰਾਤ ਮੈਟਰੋ ਵੈਨਕੂਵਰ ਅਤੇ ਵੈਨਕੂਵਰ ਆਈਲੈਂਡ ਵਿਚ ਬਿਜਲ ਸਪਲਾਈ ਤੋਂ ਪ੍ਰਭਾਵਿਤ 20,000 ਤੋਂ ਵੱਧ ਲੋਕਾਂ ਨੂੰ ਬਿਜਲੀ ਮੁਹੱਈਆ ਕਰਵਾਉਣ ਬੀ ਸੀ ਹਾਈਡਰੋ ਦੇ ਕਾਮਿਆਂ ਨੂੰ ਜੂਝਣਾ ਪੈ ਰਿਹਾ ਹੈ।
ਫਿਲਹਾਲ ਸਕੂਲ ਜ਼ਿਲ੍ਹਾ ਮਿਸ਼ਨ ਨੇ ਵੀਰਵਾਰ ਨੂੰ ਆਪਣੇ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਹੈ ਅਤੇ ਦੂਜੇ ਜ਼ਿਲ੍ਹਿਆਂ ਵਿੱਚ ਵੀ ਵੀਰਵਾਰ ਨੂੰ ਸਕੂਲ ਬੰਦ ਕੀਤੇ ਜਾਣ ਦੀ ਸੰਭਾਵਨਾ ਹੈ।
ਵਾਤਾਵਰਣ ਕੈਨੇਡਾ ਦੇ ਅਨੁਸਾਰ ਬੀ.ਸੀ. ਵਿੱਚ ਸੱਤ ਸਥਾਨਾਂ ਤੇ 15 ਜਨਵਰੀ ਨੂੰ ਠੰਡ ਨੇ ਸਾਰੇ ਰਿਕਾਰਡ ਤੋੜ ਦਿੱਤੇ ਜਿਨ੍ਹਾਂ ਵਿੱਚ ਬੇਲਾ ਬੇਲਾ ਵਿਚ -12.8 ਡਿਗਰੀ ਸੈਂਟੀਗਰੇਡ , ਬਰਨਸ ਲੇਕ ਵਿਚ -44.1 ਸੈਂਟੀਗਰੇਡ, ਕਲਿੰਟਨ ਵਿਚ -33.3 ਸੈਂਟੀਗਰੇਡ, ਪ੍ਰਿੰਸ ਜਾਰਜ ਵਿਚ -44.4 ਸੈਂਟੀਗਰੇਡ, ਪੁੰਟਜ਼ੀ ਮਾਊਂਟੇਨ ਵਿੱਚ -48.8 ਸੈਂਟੀਗਰੇਡ, ਕੁਨੈਲ ਵਿਚ -41.9 ਸੈਂਟੀਗਰੇਡ ਅਤੇ ਟੈਟਲਯੋਕੋ ਲੇਕ ਵਿਚ -35.4. ਸੈਂਟੀਗਰੇਡ ਤਾਪਮਾਨ ਨੋਟ ਕੀਤਾ ਗਿਆ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com