ਕੰਟਰੋਲ ਐਂਡ ਕਮਾਂਡ ਸੈਂਟਰ ਰਾਹੀਂ ਸਾਰੇ 829 ਬੂਥਾਂ ਤੇ ਜਿਲਾ ਪ੍ਰਸ਼ਾਸਨ ਦੀ ਰਹੀ ਸਿੱਧੀ ਨਜ਼ਰ
- ਸਾਰੇ ਬੂਥਾਂ ਤੋਂ ਕੀਤੀ ਗਈ ਵੈਬਕਾਸਟਿੰਗ
ਫਾਜ਼ਿਲਕਾ 1 ਜੂਨ 2024 - ਲੋਕ ਸਭਾ ਚੋਣਾਂ 2024 ਨੂੰ ਨਿਰਪੱਖਤਾ ਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ 829 ਪੋਲਿੰਗ ਬੂਥਾਂ ਤੋਂ ਵੈਬਕਾਸਟਿੰਗ ਕੀਤੀ ਗਈ। ਇਸ ਦੀ ਮੋਨੀਟਰਿੰਗ ਲਈ ਜ਼ਿਲ੍ਹਾ ਪੱਧਰ ਤੇ ਇੱਕ ਕਮਾਂਡ ਐਂਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ, ਜਿੱਥੋਂ ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਸਮੇਤ ਸੀਨੀਅਰ ਅਧਿਕਾਰੀਆਂ ਵੱਲੋਂ ਲਗਾਤਾਰ ਸਾਰੇ ਪੋਲਿੰਗ ਬੂਥਾਂ ਦੀ ਮੋਨੀਟਰਿੰਗ ਕੀਤੀ ਗਈ ।
ਇੱਥੇ ਲਗਭਗ ਤਿੰਨ ਦਰਜਨ ਕੰਪਿਊਟਰ ਸੈੱਟ ਲਗਾ ਕੇ ਉਸਦੇ ਰਾਹੀਂ ਸਾਰੇ ਬੂਥਾਂ ਦੀ ਵਾਰੋ ਵਾਰੀ ਵੈਬਕਾਸਟਿੰਗ ਦੀ ਮੋਨੀਟਰਿੰਗ ਕਰਨ ਦੀ ਵਿਵਸਥਾ ਕੀਤੀ ਗਈ ਸੀ। ਅਤੇ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਇਹਨਾਂ ਸਾਰੇ ਪੋਲਿੰਗ ਬੂਥਾਂ ਦੀ ਸਿੱਧੇ ਤੌਰ ਤੇ ਲਾਈਵ ਨਿਗਰਾਨੀ ਕੀਤੀ ਗਈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੋਣਾਂ ਦੌਰਾਨ ਕਿਤੇ ਵੀ ਕੋਈ ਗੜਬੜੀ ਨਾ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਇਸ ਤਰੀਕੇ ਨਾਲ ਹਰੇਕ ਊਣਤਾਈ ਪਕੜ ਵਿੱਚ ਆਈ ਅਤੇ ਉਸ ਤੋਂ ਤੁਰੰਤ ਬਾਅਦ ਉਸ ਤੇ ਕਾਰਵਾਈ ਕੀਤੀ ਗਈ। ਏਡੀਸੀ ਜਨਰਲ ਸ਼੍ਰੀ ਰਕੇਸ਼ ਕੁਮਾਰ ਪੌਪਲੀ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਵੈਬਕਾਸਟਿੰਗ ਦੀ ਨਿਗਰਾਨੀ ਲਈ ਤਾਇਨਾਤ ਕੀਤੀਆਂ ਗਈਆਂ ਸਨ। ਅਤੇ ਲਾਈਵ ਮੋਨੀਟਰਿੰਗ ਨਾਲ ਚੋਣਾਂ ਵਿੱਚ ਨਿਰਪੱਖਤਾ ਨੂੰ ਯਕੀਨੀ ਬਣਾਇਆ ਗਿਆ ।