ਖੇਡਾਂ ਦੇ ਖੇਤਰ ਵਿੱਚ ਪੰਜਾਬ ਮੁੜ ਚਮਕੇਗਾ, ਨਵੀਂ ਖੇਡ ਨੀਤੀ ਨੇ ਨੁਹਾਰ ਬਦਲੀ: ਮੀਤ ਹੇਅਰ
- ਗੁਜਰਾਤ ਤੇ ਵਾਰਾਨਸੀ ਨੂੰ ਫੰਡ ਲੁਟਾਉਣ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਖੇਡਾਂ ਲਈ ਇਕ ਵੀ ਪ੍ਰਾਜੈਕਟ ਨਹੀਂ ਦਿੱਤਾ
- ਕਾਹਨੇਕੇ ਦਾ ਅਕਸ਼ਦੀਪ ਸਿੰਘ ਉਲੰਪਿਕਸ ਵਿੱਚ ਕਰੇਗਾ ਨਾਮ ਰੌਸ਼ਨ
ਦਲਜੀਤ ਕੌਰ
ਕਾਹਨੇਕੇ (ਬਰਨਾਲਾ), 7 ਮਈ, 2024: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਨਵੀਂ ਖੇਡ ਨੀਤੀ ਬਣਾਈ ਜਿਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗ ਗਏ ਹਨ। ਏਸ਼ੀਅਨ ਗੇਮਜ਼ ਵਿੱਚ ਪੰਜਾਬ ਦੇ ਖਿਡਾਰੀਆਂ ਨੇ 20 ਮੈਡਲ ਜਿੱਤ ਕੇ 72 ਸਾਲ ਦੇ ਸਾਰੇ ਰਿਕਾਰਡ ਤੋੜੇ।
ਮੀਤ ਹੇਅਰ ਅੱਜ ਭਦੌੜ ਹਲਕੇ ਦੇ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਉਹ ਜਦੋਂ ਕਾਹਨੇਕੇ ਪਿੰਡ ਪੁੱਜੇ ਤਾਂ ਉਥੇ ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਇਸ ਪਿੰਡ ਦਾ ਅਕਸ਼ਦੀਪ ਸਿੰਘ ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਇਆ ਹੈ ਜੋ ਕਿ ਬਰਨਾਲਾ ਜ਼ਿਲੇ ਦਾ ਪਹਿਲਾ ਓਲੰਪੀਅਨ ਬਣੇਗਾ। ਉਨ੍ਹਾਂ ਕਿਹਾ ਕਿ ਜਦੋਂ ਅਕਸ਼ਦੀਪ ਸਿੰਘ ਨੇ ਪੈਦਲ ਤੋਰ ਵਿੱਚ ਓਲੰਪਿਕਸ ਲਈ ਕੁਆਲੀਫਾਈ ਕੀਤਾ ਤਾਂ ਉਸ ਵੇਲੇ ਕੋਈ ਖੇਡ ਨੀਤੀ ਨਹੀਂ ਮੌਜੂਦ ਸੀ ਪਰ ਫੇਰ ਵੀ ਉਨ੍ਹਾਂ ਖੇਡ ਵਿਭਾਗ ਵੱਲੋਂ ਉਸ ਨੂੰ 5 ਲੱਖ ਰੁਪਏ ਨਾਲ ਸਨਮਾਨਤ ਕੀਤਾ। ਉਸ ਤੋਂ ਬਾਅਦ ਸਾਡੀ ਸਰਕਾਰ ਨੇ ਅਜਿਹੀ ਖੇਡ ਨੀਤੀ ਬਣਾਈ ਜਿਸ ਵਿੱਚ ਨੌਕਰੀਆਂ, ਖੇਡ ਨਰਸਰੀਆਂ, ਨਗਦ ਇਨਾਮ ਤੋਂ ਇਲਾਵਾ ਖੇਡਾਂ ਦੀ ਤਿਆਰੀ ਲਈ ਨਗਦ ਰਾਸ਼ੀ ਰੱਖੀ ਗਈ। ਹੁਣ ਪੰਜਾਬ ਵਿੱਚ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਖੇਡਾਂ ਤੋਂ ਪਹਿਲਾਂ ਹੀ 15-15 ਲੱਖ ਰੁਪਏ ਦਿੱਤੇ ਜਾਣਗੇ ਅਤੇ ਇਹ ਰਾਸ਼ੀ ਖੇਡ ਨੀਤੀ ਦਾ ਹਿੱਸਾ ਹੈ ਜੋ ਅਕਸ਼ਦੀਪ ਸਿੰਘ ਨੂੰ ਵੀ ਮਿਲੇਗੀ।
ਮੀਤ ਹੇਅਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ ਜਿੱਥੇ ਆਰ.ਡੀ.ਐਫ. ਸਮੇਤ ਹੋਰ ਫੰਡ ਰੋਕੇ ਉਥੇ ਖੇਡਾਂ ਲਈ ਕੋਈ ਵੀ ਵੱਡਾ ਪ੍ਰਾਜੈਕਟ ਨਹੀਂ ਦਿੱਤਾ, ਇਥੋਂ ਤੱਕ ਕਿ ਵਿਸ਼ਵ ਕੱਪ ਕ੍ਰਿਕਟ ਦਾ ਮੈਚ ਪਹਿਲੀ ਵਾਰ ਮੁਹਾਲੀ ਵਿਖੇ ਨਹੀਂ ਹੋਇਆ। ਵਾਰਾਨਸੀ ਤੇ ਗੁਜਰਾਤ ਨੂੰ ਫੰਡ ਲੁੱਟਾਉਣ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਨਾਲ ਵਿਤਰਕੇਬਾਜ਼ੀ ਕੀਤੀ ਅਤੇ ਹੁਣ ਵੇਲਾ ਆ ਗਿਆ ਹੈ ਕਿ ਪਾਰਲੀਮੈਂਟ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਜਿਤਾਇਆ ਜਾਵੇ ਤਾਂ ਜੋ ਕੇਂਦਰ ਵਿੱਚ ਆਪ ਦੀ ਭਾਈਵਾਲ ਵਾਲੀ ਸਰਕਾਰ ਬਣੇ ਜਿਸ ਨਾਲ ਸੂਬੇ ਨੂੰ ਵੱਧ ਤੋਂ ਵੱਧ ਫੰਡ ਦਿੱਤੇ ਜਾਣ।
ਐਮ.ਐਲ.ਏ.ਲਾਭ ਸਿੰਘ ਉਗੋਕੇ ਨੇ ਮੀਤ ਹੇਅਰ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਨਵੀਂ ਖੇਡ ਨੀਤੀ ਨਾਲ ਹੁਣ ਪਿੰਡ-ਪਿੰਡ ਵਿੱਚ ਖੇਡ ਨਰਸਰੀਆਂ ਬਣਨ ਲੱਗ ਗਈਆਂ ਹਨ ਅਤੇ ਨੌਜਵਾਨਾਂ ਨੂੰ ਪਿੰਡਾਂ ਵਿੱਚ ਖੇਡ ਸਹੂਲਤਾਂ ਮਿਲਣ ਦਾ ਰਾਹ ਪੱਧਰਾ ਹੋ ਗਿਆ।