ਹਰਦਮ ਮਾਨ
ਸਰੀ, 16 ਜਨਵਰੀ 2020 - ਗੁਰਦੁਆਰਾ ਬਰੁੱਕਸਾਈਡ ਸਰੀ ਵਿਖੇ ਕੈਨੇਡਾ ਦੇ ਪਹਿਲੇ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ। ਸ਼ਹੀਦ ਭਾਈ ਮੇਵਾ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਰਾਮਗੜ੍ਹੀਆ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਉਸ ਸਮੇਂ ਦੀ ਇਤਿਹਾਸਕ ਗਾਥਾ ਹਾਜਰ ਸੰਗਤਾਂ ਨਾਲ ਸਾਂਝੀ ਕੀਤੀ। ਉਨ੍ਹਾਂ ਨਿਊ ਵੈਸਟਮਿਨਸਟਰ ਸਿਟੀ ਕੌਂਸਲ ਵੱਲੋਂ 11 ਜਨਵਰੀ ਨੂੰ “ਮੇਵਾ ਸਿੰਘ ਡੇ” ਐਲਾਨੇ ਜਾਣ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੂਰੀ ਸਦੀ ਉਪਰੰਤ ਇਹ ਬਹੁਤ ਖੁਸ਼ੀ ਦਾ ਦਿਨ ਹੈ ਕਿ ਸ਼ਹੀਦ ਮੇਵਾ ਸਿੰਘ ਦੀ ਸਿੱਖ ਕਮਿਊਨਿਟੀ ਦੀ ਦੇਣ ਨੂੰ ਯਾਦ ਕਰਨ ਵਿਚ ਸਿਟੀ ਕੌਂਸਲ ਨੇ ਪਹਿਲਕਦਮੀ ਕੀਤੀ ਹੈ ਜਦੋਂ ਕਿ ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਅਤੇ ਕੈਨੇਡਾ ਦੀ ਫੈਡਰਲ ਸਰਕਾਰ ਭਾਈ ਮੇਵਾ ਸਿੰਘ ਨੂੰ ਇਹੋ ਜਿਹਾ ਸਨਮਾਨ ਦੇਣ ਤੋਂ ਅਜੇ ਵੀ ਆਪਣੇ ਪੈਰ ਪਿਛਾਂਹ ਖਿੱਚ ਰਹੀਆਂ ਹਨ। ਇਨ੍ਹਾਂ ਸਰਕਾਰਾਂ ਦੇ ਵਿਚਾਰ ਅਨੁਸਾਰ ਭਾਈ ਮੇਵਾ ਸਿੰਘ ਸਰਕਾਰੀ ਇਮੀਗ੍ਰੇਸ਼ਨ ਅਫਸਰ ਹੌਪਕਿਨਸਨ ਦਾ ਕਾਤਿਲ ਹੈ ਪਰ ਕੈਨੇਡਾ ਵਿਚ ਵਸਦੀ ਸਿੱਖ ਕਮਿਊਨਿਟੀ ਲਈ ਭਾਈ ਮੇਵਾ ਸਿੰਘ ਇਕ ਸ਼ਹੀਦ ਹੈ। ਕਾਤਿਲ ਦਾ ਧੱਬਾ ਲਾਹ ਕੇ ਸ਼ਹੀਦ ਦਾ ਦਰਜਾ ਦੁਆਉਣ ਲਈ ਸਿੱਖ ਕਮਿਊਨਿਟੀ ਨੂੰ ਅਜੇ ਬਹੁਤ ਕੰਮ ਕਰਨ ਦੀ ਲੋੜ ਹੈ। ਕੈਨੇਡਾ ਦੀ ਫੈਡਰਲ ਸਰਕਾਰ ਨੇ ਕਾਮਾਗਾਟਾਮਾਰੂ ਘਟਨਾ ਦੇ ਨਸਲੀ ਵਿਤਕਰੇ ਦੀ ਸ਼ਰੇਆਮ ਮੁਆਫੀ ਮੰਗ ਹੀ ਲਈ ਹੈ ਤਾਂ ਉਸ ਸਮੇਂ ਦੇ ਨਸਲੀ ਵਿਤਕਰੇ ਦੀ ਜੜ੍ਹ ਨੂੰ ਖਤਮ ਕਰਨ ਵਾਲੇ ਯੋਧੇ ਨੂੰ ਕਿੰਨਾ ਕੁ ਚਿਰ ਸਰਕਾਰਾਂ ਕਾਤਿਲ ਦੇ ਕਟਹਿਰੇ ਵਿਚ ਖੜ੍ਹੇ ਕਰੀ ਰੱਖਣਗੀਆਂ? ਜਦੋਂ ਕਿ ਸਾਰੀ ਸਿੱਖ ਕਮਿੳਨਿਟੀ ਭਾਈ ਮੇਵਾ ਸਿੰਘ ਜੀ ਦਾ ਸ਼ਹੀਦੀ ਦਿਨ ਹਰੇਕ ਸਾਲ ਮਨਾਉਂਦੀ ਹੈ ਤੇ ਮਨਾਉਂਦੀ ਰਹੇਗੀ।
ਸ. ਜੱਬਲ ਨੇ ਕਾਮਾਗਾਟਾਮਾਰੂ ਨਾਲ ਸੰਬੰਧਤ, ਗਦਰ ਲਹਿਰ ਦੇ ਮੋਢੀ, ਬੱਬਰ ਅਕਾਲੀ ਸ਼ਹੀਦਾਂ ਦੀਆਂ ਫੋਟੋਆਂ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਚ ਸਜਾਉਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦੇਰ ਆਏ ਦਰੁੱਸਤ ਆਏ! ਦਾ ਅਖਾਣ ਪੂਰੀ ਸਦੀ ਬੀਤ ਜਾਣ ਬਾਅਦ ਸਿੱਖਾਂ ਦੀ ਸ਼ਰੋਮਣੀ ਸਿੱਖ ਸੰਸਥਾ ਲਈ ਅੱਜ ਠੀਕ ਹੀ ਢੁਕਦਾ ਹੈ।
ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਹਫਤਾਵਾਰੀ ਸ੍ਰੀ ਅਖੰਡਪਾਠ ਜੀ ਦੇ ਭੋਗ ਪਾਏ ਗਏ ਅਤੇ ਦਰਬਾਰ ਹਾਲ ਵਿਚ ਦੀਵਾਨ ਸਜਾਏ ਗਏ। ਲੰਗਰ ਅਤੇ ਕੀਰਤਨ ਦੀ ਸੇਵਾ ਗੁਰੂ ਘਰ ਦੇ ਪ੍ਰੇਮੀ ਭਾਈ ਜਗੀਰ ਸਿੰਘ ਸਮਰਾ (ਪਿਛਲਾ ਪਿੰਡ ਮਹਿਤਪੁਰ) ਦੇ ਪਰਿਵਾਰ ਵਲੋਂ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਵਜੋਂ ਕੀਤੀ ਗਈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com