ਨਾਮਜ਼ਦਗੀ ਭਰਨ ਸਮੇਂ ਉਮੀਦਵਾਰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ: ਜ਼ਿਲ੍ਹਾ ਚੋਣ ਅਫਸਰ
- ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਭਰਨ ਲਈ ਸਾਰੇ ਪ੍ਰਬੰਧ ਮੁਕੰਮਲ
ਰੂਪਨਗਰ, 7 ਮਈ 2024: ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 01 ਜੂਨ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਭਰਨ ਦਾ ਅਮਲ ਅੱਜ 07 ਮਈ ਦਿਨ ਮੰਗਲਵਾਰ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਸ ਸਬੰਧੀ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ (06) ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਉਮੀਦਵਾਰਾਂ ਨੂੰ ਨਾਮਜ਼ਦਗੀ ਭਰਨ ਸਮੇਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਸ਼ਡਿਊਲ ਮੁਤਾਬਕ 7 ਮਈ ਤੋਂ 14 ਮਈ ਤਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾ ਰਹੇ ਹਨ ਜਿਸ ਤਹਿਤ ਅੱਜ ਪਹਿਲੇ ਦਿਨ ਕੇਵਲ 1 ਉਮੀਦਵਾਰ ਦਰਸ਼ਨ ਸਿੰਘ ਨੇ ਪੰਜਾਬ ਨੈਸ਼ਨਲ ਪਾਰਟੀ ਵਲੋਂ ਨਾਮਜ਼ਦਗੀ ਭਰੀ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 15 ਮਈ ਨੂੰ ਅਤੇ ਵਾਪਸੀ 17 ਮਈ ਤਕ ਹੋ ਸਕੇਗੀ। ਵੋਟਿੰਗ 1 ਜੂਨ 2024 ਨੂੰ ਹੋਵੇਗੀ ਅਤੇ ਗਿਣਤੀ 4 ਜੂਨ 2024 ਨੂੰ ਹੋਵੇਗੀ।
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਕੁੱਲ ਵੋਟਰ 17,17,166 ਹਨ ਜਿਸ ਵਿਚ ਗੜ੍ਹਸ਼ੰਕਰ ਦੇ ਕੁੱਲ 1,73,921 ਵੋਟਰ ਜਿਸਦੇ ਵਿੱਚ 90,976 ਮਰਦ 82,936 ਔਰਤਾਂ ਤੇ 9 ਟਰਾਂਸਜੈਂਡਰ, ਬੰਗਾ ਦੇ ਕੁੱਲ 1,65,211 ਵੋਟਰ ਜਿਸਦੇ ਵਿੱਚ 85,364 ਮਰਦ 79,843 ਔਰਤਾਂ ਤੇ 4 ਟਰਾਂਸਜੈਂਡਰ, ਨਵਾਂਸ਼ਹਿਰ ਦੇ ਕੁੱਲ 1,73,867 ਵੋਟਰ ਜਿਸਦੇ ਵਿੱਚ 89,434 ਮਰਦ 84, 424 ਔਰਤਾਂ ਤੇ 9 ਟਰਾਂਸਜੈਂਡਰ, ਬਲਾਚੌਰ ਦੇ ਕੁੱਲ 1,54,206 ਵੋਟਰ ਜਿਸਦੇ ਵਿੱਚ 80,749 ਮਰਦ 73,451 ਔਰਤਾਂ ਤੇ 6 ਟਰਾਂਸਜੈਂਡਰ, ਸ੍ਰੀ ਅਨੰਦਪੁਰ ਸਾਹਿਬ ਦੇ ਕੁੱਲ 1, 86,881 ਵੋਟਰ ਜਿਸਦੇ ਵਿੱਚ 96,750 ਮਰਦ 90,125 ਔਰਤਾਂ ਤੇ 6 ਟਰਾਂਸਜੈਂਡਰ, ਰੂਪਨਗਰ ਦੇ ਕੁੱਲ 1,71,922 ਵੋਟਰ ਜਿਸਦੇ ਵਿੱਚ 89,641 ਮਰਦ 82,275 ਔਰਤਾਂ ਤੇ 6 ਟਰਾਂਸਜੈਂਡਰ, ਸ੍ਰੀ ਚਮਕੌਰ ਸਾਹਿਬ ਦੇ ਕੁੱਲ 1,86,989 ਵੋਟਰ ਜਿਸਦੇ ਵਿੱਚ 99,775 ਮਰਦ 87,209 ਔਰਤਾਂ ਤੇ 5 ਟਰਾਂਸਜੈਂਡਰ, ਖਰੜ ਦੇ ਕੁੱਲ 2,75,327 ਵੋਟਰ ਜਿਸਦੇ ਵਿੱਚ 1,44,614 ਮਰਦ 1, 30,704 ਔਰਤਾਂ ਤੇ 9 ਟਰਾਂਸਜੈਂਡਰ, ਮੋਹਾਲੀ ਦੇ ਕੁੱਲ 2,28,842 ਵੋਟਰ ਜਿਸਦੇ ਵਿੱਚ 1,19,247 ਮਰਦ 1,9,587 ਔਰਤਾਂ ਤੇ 8 ਟਰਾਂਸਜੈਂਡਰ ਸ਼ਾਮਿਲ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ 06-ਅਨੰਦਪੁਰ ਸਾਹਿਬ ਹਲਕੇ ਵਿਚ 16 ਮਾਰਚ 2024 ਤੱਕ 85 ਸਾਲ ਤੋਂ ਵਧੇਰੀ ਉਮਰ ਵਾਲੇ 14,917 ਵੋਟਰ ਹਨ, 80 ਸਾਲ ਤੋਂ ਵੱਧ 34,348, ਦਵਿਆਂਗਜਣ ਵੋਟਰ 14,912 ਅਤੇ ਐਨ.ਆਰ.ਆਈ ਵੋਟਰ 279 ਅਤੇ ਸਰਵਿਸ ਵੋਟਰ 8336 ਹਨ ਜਿਨ੍ਹਾਂ ਵਿਚ 8088 ਮਰਦ ਅਤੇ 248 ਔਰਤਾਂ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11 ਵਜੇ ਤੋਂ 3 ਵਜੇ ਤੱਕ ਹੈ ਜਿਸ ਉਪਰੰਤ 15 ਮਈ ਤੋਂ ਸਕਰੂਟਨੀ ਕੀਤੀ ਜਾਵੇਗੀ ਅਤੇ 17 ਮਈ ਤੱਕ ਨਾਮਜ਼ਦਗੀ ਭਰਨ ਵਾਲਾ ਕੋਈ ਵੀ ਉਮੀਦਵਾਰ ਸ਼ਾਮ 3 ਵਜੇ ਤੱਕ ਆਪਣਾ ਨਾਮ ਵਾਪਸ ਲੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਫਸਰ ਦੀ ਗੈਰ-ਮੌਜੂਦਗੀ ਵਿਚ ਸਪੈਸੀਫਾਈਡ ਸਹਾਇਕ ਰਿਟਰਨਿੰਗ ਅਫਸਰ 50-ਰੂਪਨਗਰ ਅਸੈਂਬਲੀ ਸੈਗਮੈਂਟ-ਕਮ-ਉਪ ਮੰਡਲ ਮੈਜਿਸਟ੍ਰੇਟ, ਰੂਪਨਗਰ ਨੂੰ ਨਾਮਜ਼ਦਗੀਆਂ ਦਿੱਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਨਾਮਜ਼ਦਗੀਆਂ ਲਈ ਸਖਤ ਪੁਲਿਸ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਨਾਮਜ਼ਦਗੀਆਂ ਭਰਨ ਸਮੇਂ ਰਿਟਰਨਿੰਗ ਅਫਸਰ ਦੇ ਨਾਮੀਨੇਸ਼ਨ ਰੂਮ ਵਿਚ ਕੇਵਲ 5 ਵਿਅਕਤੀ, (ਸਮੇਤ ਉਮੀਦਵਾਰ) ਦਾਖਲ ਹੋਣਗੇ ਅਤੇ 100 ਮੀਟਰ ਦੇ ਘੇਰੇ ਵਿਚ ਸਿਰਫ ਤਿੰਨ ਗੱਡੀਆਂ ਹੀ ਦਾਖਲ ਕੀਤੀ ਜਾ ਸਕਦੀਆਂ ਹਨ।