ਪ੍ਰਨੀਤ ਕੌਰ ਆਪਣੀ ਕਾਰਗੁਜ਼ਾਰੀ ਦੱਸੇ ਤੇ ਸ਼ਰਮਾ ਆਪਣਾ ਸਟੈਂਡ ਸਪੱਸ਼ਟ ਕਰਨ: ਰੰਧਾਵਾ
ਮਲਕੀਤ ਸਿੰਘ ਮਲਕਪੁਰ
ਲਾਲੜੂ 30 ਅਪ੍ਰੈਲ 2024: ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਲਾਲੜੂ ਦੇ ਵਾਰਡ ਨੰ 1 ਪਿੰਡ ਘੋਲੂਮਾਜਰਾ, ਵਾਰਡ ਨੰਬਰ 3 ਚੌਂਦਹੇੜੀ ਅਤੇ ਵਾਰਡ ਨੰਬਰ 12 ਲਾਲੜੂ ਪਿੰਡ ਵਿਖੇ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹੱਕ ਵਿੱਚ ਚੋਣ ਮੀਟਿੰਗਾਂ ਕਰਦਿਆਂ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ।ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ.ਰੰਧਾਵਾ ਨੇ ਕਿਹਾ ਕਿ ਲੋਕ ਸਭਾ ਹਲਕਾ ਪਟਿਆਲਾ ਹਮੇਸ਼ਾ ਹੀ ਸਿਆਸਤ ਦਾ ਸ਼ਿਕਾਰ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਤੱਕ ਲੋਕ ਸਭਾ ਹਲਕਾ ਪਟਿਆਲਾ ਤੇ ਵਿਸੇਸ਼ਕਰ ਡੇਰਾਬੱਸੀ ਖੇਤਰ ਵਿਚ ਜੋ ਕੁਝ ਹੋਣਾ ਚਾਹੀਦਾ ਸੀ, ਉਹ ਨਹੀਂ ਹੋ ਸਕਿਆ।
ਉਨ੍ਹਾਂ ਕਿਹਾ ਕਿ ਹੁਣ ਲੋਕ ਸਿਆਣੇ ਹੋ ਗਏ ਹਨ ਤੇ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੇ ਜਿਵੇਂ ਆਮ ਆਦਮੀ ਪਾਰਟੀ ਨੂੰ ਪਿਆਰ ਦਿੱਤਾ ਸੀ,ਉਸੇ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਵੀ ਲੋਕਾਂ ਵੱਲੋਂ ਡਾ. ਬਲਬੀਰ ਸਿੰਘ ਨੂੰ ਭਰਵਾਂ ਹੁੰਗਾਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਤੋਂ 4 ਵਾਰ ਸੰਸਦ ਮੈਂਬਰ ਰਹੀ ਮਹਾਰਾਣੀ ਪ੍ਰਨੀਤ ਕੌਰ ਜੋ ਕਿ ਹੁਣ ਭਾਜਪਾ ਦੀ ਉਮੀਦਵਾਰ ਹੈ, ਨੂੰ ਆਪਣੀ ਕਾਰਗੁਜ਼ਾਰੀ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ ।
ਉਹ ਦੱਸਣ ਕਿ ਉਹ ਹਲਕਾ ਡੇਰਾਬੱਸੀ ਵਿੱਚ ਅਜੇ ਤੱਕ ਕੋਈ ਵੱਡਾ ਪ੍ਰਾਜੈਕਟ ਕਿਉਂ ਨਹੀਂ ਲਿਆ ਸਕੀ ? ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਤੇ ਸਾਬਕਾ ਹਲਕਾ ਵਿਧਾਇਕ ਐਨ.ਕੇ.ਸ਼ਰਮਾ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਸ਼ਰਮਾ ਵਿਧਾਨ ਸਭਾ ਚੋਣਾਂ ਦੀ ਤਰਜ਼ 'ਤੇ ਪ੍ਰਚਾਰ ਕਰ ਰਹੇ ਹਨ ਕਿ ਉਹ ਲੋਕਲ ਉਮੀਦਵਾਰ ਹਨ ਪਰ ਉਹ ਲੋਕਾਂ ਨੂੰ ਇਹ ਤਾਂ ਸਪੱਸ਼ਟ ਕਰਨ ਕਿ ਉਹ ਬਾਅਦ ਵਿੱਚ ਤਾਨਾਸ਼ਾਹ ਰਵੱਈਆ ਅਖਤਿਆਰ ਕਰਨ ਵਾਲੇ ਐਨ.ਡੀ.ਏ ਧੜ੍ਹੇ ਦਾ ਸਮਰਥਨ ਕਰਨਗੇ ਜਾਂ ਇੰਡੀਆ ਗਠਜੋੜ ਦਾ ਜੋ ਕਿ ਸੰਵਿਧਾਨ ਤੇ ਘੱਟ ਗਿਣਤੀਆਂ ਦੀ ਰਾਖੀ ਲਈ ਲੜ ਰਿਹਾ ਹੈ।ਇਸ ਮੌਕੇ ਨਗਰ ਕੌਂਸਲ ਪ੍ਰਧਾਨ,ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਕੌਂਸਲਰ ਸਾਹਿਬਾਨ, ਉਨ੍ਹਾਂ ਦੀ ਟੀਮ ਦੇ ਮੈਂਬਰ ਅਤੇ ਸਥਾਨਕ ਲੋਕ ਮੌਜੂਦ ਸਨ।