ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਨੌਜਵਾਨ ਵੋਟਰਾਂ ਲਈ ਸਨੈਪਚੈਟ ‘ਤੇ ਨਵੇਂ ਫਿਲਟਰ ਜਾਰੀ
- ਚੋਣਾਂ ਨਾਲ ਸਬੰਧਤ ਦੋ ਆਕਸ਼ਕ ਲੈਂਜ਼ਾਂ ਨਾਲ ਸੈਲਫ਼ੀ ਲੈ ਕੇ ਸ਼ੋਸ਼ਲ ਮੀਡੀਆ ‘ਤੇ ਕਰ ਸਕਦੇ ਹਨ ਅਪਲੋਡ
ਚੰਡੀਗੜ੍ਹ, 30 ਮਈ 2024 - ਚੋਣਾਂ ਵਿੱਚ ਨੌਜਵਾਨ ਵੋਟਰਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਇੱਕ ਵਿਲੱਖਣ ਪਹਿਲਕਦਮੀ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ, ਦਫ਼ਤਰ ਵੱਲੋਂ ਦੋ ਸਨੈਪਚੈਟ ਲੈਂਜ਼ (ਫਿਲਟਰ) ਲਾਂਚ ਕੀਤੇ ਗਏ ਹਨ। ਇਹ ਲੈਂਜ਼ ਵੋਟਿੰਗ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਮਹੱਤਵਪੂਰਨ ਸੁਨੇਹਿਆਂ ਨੂੰ ਵਧੇਰੇ ਆਕਰਸ਼ਕ ਢੰਗ ਨਾਲ ਪ੍ਰਸਾਰਿਤ ਕਰਦੇ ਹਨ ਤਾਂ ਜੋ ਚੋਣਾਂ ਵਿੱਚ ਵੱਧ ਤੋ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਦੀ ਟੀਮ ਵੱਲੋਂ ਸਨੈਪਚੈਟ ਲਈ ਦੋ ਤਰ੍ਹਾਂ ਦੇ ਲੈਂਜ਼ ਬਣਾਏ ਗਏ ਹਨ ਜਿਸ ਵਿੱਚ ਪਹਿਲਾ "ਆਈ ਐਮ ਏ ਪਰਾਊਡ ਵੋਟਰ" ਅਤੇ ਦੂਜਾ ਯੂਜ਼ਰ ਦੇ ਚਿਹਰੇ 'ਤੇ ਚੋਣ ਲੋਗੋ ਦੇ ਪ੍ਰਿੰਟ ਵਾਲਾ ਲੈਂਜ਼ ਹੈ। "ਆਈ ਐਮ ਏ ਪਰਾਊਡ ਵੋਟਰ" ਲੈਂਜ਼ ਦੀ ਵਰਤੋਂ ਕਰਕੇ ਯੂਜ਼ਰ ਆਪਣੀ 'ਸਿਆਹੀ ਲੱਗੀ ਉਂਗਲ' ਦੇ ਨਿਸ਼ਾਨ ਰਾਹੀਂ ਚੋਣ ਪ੍ਰਕਿਰਿਆ ਵਿੱਚ ਆਪਣੀ ਭਾਗੀਦਾਰੀ ਨੂੰ ਦਰਸਾ ਸਕਦੇ ਹਨ। ਇਸ ਦੇ ਨਾਲ ਹੀ ਚੋਣ ਲੋਗੋ ਦੇ ਪ੍ਰਿੰਟ ਵਾਲਾ ਦੂਜਾ ਲੈਂਜ਼ ਯੂਜ਼ਰਸ ਨੂੰ ਲੋਕਤੰਤਰ ਦੇ ਇਸ ਤਿਓਹਾਰ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਦਾ ਹੈ। ਯੂਜ਼ਰ ਇਹਨਾਂ ਫਿਲਟਰਾਂ ਜ਼ਰੀਏ ਸੈਲਫੀ ਲੈਣ ਲਈ ਸਨੈਪਚੈਟ 'ਤੇ ਕ੍ਰਮਵਾਰ "ਪੰਜਾਬ ਵੋਟਰਸ" ਅਤੇ "ਪ੍ਰਾਊਡ ਵੋਟਰਸ" ਲਈ ਸਰਚ ਕਰ ਸਕਦੇ ਹਨ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਹ ਰੋਮਾਂਚਕ ਤਜ਼ਰਬਾ ਯੂਜ਼ਰਸ ਨੂੰ ਚੋਣਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਇੱਕ ਨਾਗਰਿਕ ਦੇ ਮਾਣ-ਸਨਮਾਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਦਫ਼ਤਰ, ਮੁੱਖ ਚੋਣ ਅਫ਼ਸਰ ਦਾ ਉਦੇਸ਼ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਸੁਚੱਜੇ ਢੰਗ ਨਾਲ ਵਰਤੋ ਕਰਦਿਆਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਨਾ ਅਤੇ ਲੋਕਤੰਤਰ ਦੇ ਇਸ ਤਿਓਹਾਰ ਵਿੱਚ ਲੋਕਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ।