ਵੈਨਕੂਵਰ ਅਤੇ ਸਰੀ ਇਲਾਕੇ ਵਿਚ ਫੇਰ ਹੋਈ ਬਰਫਬਾਰੀ- ਤਾਪਮਾਨ ਡਿੱਗਿਆ
ਹਰਦਮ ਮਾਨ
ਸਰੀ, 12 ਜਨਵਰੀ 2020- ਵੈਨਕੂਵਰ ਅਤੇ ਸਰੀ ਇਲਾਕੇ ਵਿਚ ਬੀਤੀ ਰਾਤ ਫੇਰ ਬਰਫਬਾਰੀ ਹੋਈ। ਬਰਫਬਾਰੀ ਸਨਿੱਚਰਵਾਰ ਦੀ ਅੱਧੀ ਕੁ ਰਾਤ ਨੂੰ ਸ਼ੁਰੂ ਹੋਈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਇਸ ਇਲਾਕੇ ਵਿਚ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਸੀ ਅਤੇ ਦੋ ਦਿਨ ਬਾਅਦ ਅੱਜ ਫੇਰ ਬਰਫ ਪਈ ਹੈ ਜਿਸ ਕਾਰਨ ਤਾਪਮਾਨ ਕਾਫੀ ਘਟ ਗਿਆ ਹੈ ਅਤੇ ਆਉਂਦੇ ਦਿਨਾਂ ਵਿਚ ਸੀਤ ਵਾਤਾਵਰਣ ਬਣਿਆ ਰਹੇਗਾ।
ਲਾਗਲੇ ਸ਼ਹਿਰਾਂ ਬਰਨਬੀ, ਨਿਊ ਵੈਸਟ ਮਿਨਸਟਰ, ਕੋਕੁਇਟਲਮ, ਮੈਪਲ ਰਿੱਜ ਅਤੇ ਨੌਰਥ ਸ਼ੋਰ ਵਿਚ ਵੀ ਬਰਫ ਪੈਣ ਦੀਆਂ ਖ਼ਬਰਾਂ ਹਨ। ਵਾਤਾਵਰਣ ਵਿਭਾਗ ਕੈਨੇਡਾ ਦੀ ਚਿਤਾਵਨੀ ਅਨੁਸਾਰ ਅੱਜ (ਐਤਵਾਰ) ਦੁਪਹਿਰ ਤੱਕ, 5 ਤੋਂ 20 ਸੈਂਟੀਮੀਟਰ ਤੱਕ ਬਰਫ ਪੈਣ ਦੀ ਸੰਭਾਵਨਾ ਹੈ ਅਤੇ ਸ਼ਾਮ ਨੂੰ 5 ਤੋਂ 10 ਸੈਂਟੀਮੀਟਰ ਬਰਫਬਾਰੀ ਹੋ ਸਕਦੀ ਹੈ। ਸਰੀ ਅਤੇ ਲੈਂਗਲੀ ਵਿਚ ਬਰਫ ਘੱਟ ਪੈਣ ਅਤੇ ਰਿਚਮੰਡ, ਡੈਲਟਾ, ਟਵਾਸਨ ਅਤੇ ਲੈਡਨਰ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।