ਅਸ਼ੋਕ ਵਰਮਾ
ਬਠਿੰਡਾ, 1 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਈਆਂ ਪਾਬੰਦੀਆਂ ਦੇ ਬਾਵਜੂਦ ਬਠਿੰਡਾ ਜਿਲੇ ’ਚ ਤੁਰ ਫਿਰ ਕੇ ਸ਼ਰਾਬ ਵੇਚਣ ਦਾ ਸਖਤ ਨੋਟਿਸ ਲੈਂਦਿਆਂ ਜਿਲਾ ਪੁਲਿਸ ਨੇ ਸ਼ਿਕੰਜਾ ਕਸ ਦਿੱਤਾ ਹੈ। ਪੁਲਿਸ ਨੇ ਅੱਜ ਦੋ ਵੱਖ ਵੱਖ ਥਾਵਾਂ ਤੋਂ ਸ਼ਰਾਬ ਬਰਾਮਦ ਕਰਕੇ ਦੋ ਪੁਲਿਸ ਕੇਸ ਦਰਜ ਕੀਤੇ ਹਨ। ਹਾਲਾਂਕਿ ਬਠਿੰਡਾ ਸ਼ਹਿਰ ’ਚ ਪੁਲਿਸ ਨੇ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਪਰ ਸ਼ੁਰੂਆਤ ਕਕਰ ਦਿੱਤੀ ਹੈ।
ਪੁਲਿਸ ਸੂਤਰ ਦੱਸਦੇ ਹਨ ਕਿ ਬੇਸ਼ੱਕ ਠੇਕੇਦਾਰਾਂ ਦਾ ਧੰਦਾ ਸ਼ਰਾਬ ਵੇਚਣਾ ਹੈ ਪਰ ਅਫਸਰਾਂ ਨੇ ਕਰਫਿਊ ਦੀ ਉਲੰਘਣਾ ਨੂੰ ਗੰਭੀਰ ਮੰਨਿਆ ਹੈ। ਮੰਗਲਵਾਰ ਨੂੰ ਬਾਬੂਸ਼ਾਹੀ ਵੱਲੋਂ ‘ਕਰਫਿਊ ਦੌਰਾਨ ਵੀ ਸ਼ਹਿਰ ’ਚ ਸ਼ਰਾਬ ਦੀ ਮੋਬਾਇਲ ਸਪਲਾਈ ’ ਰਾਹੀਂ ਮਾਮਲੇ ਨੂੰ ਉਠਾਇਆ ਸੀ। ਦੱਸਿਆ ਗਿਆ ਸੀ ਕਿ ਇਸ ਤਰਾਂ ਨਾਲ ਕਰੋਨਾ ਵਿਰੋਧੀ ਮੁਹਿੰਮ ਤੇ ਸਵਾਲ ਖੜੇ ਹੁੰਦੇ ਹਨ। ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਸ਼ਰਾਬ ਵੇਚਣ ਵਾਲਿਆਂ ਵੱਲੋਂ ਕਿਹੜੇ ਕਿਹੜੇ ਢੰਗ ਅਪਣਾਏ ਜਾ ਰਹੇ ਹਨ।
ਥਾਣਾ ਨੇਹੀਂਆਂ ਵਾਲਾ ਪੁਲਿਸ ਨੇ ਗੋਨਿਆਣਾ ਮੰਡੀ ’ਚ ਬੱਬੀ ਸਿੰਘ ਪੁੱਤਰ ਲੀਲਾ ਸਿੰਘ ਵਾਸੀ ਗੋਨਿਆਣਾ ਮੰਡੀ ਨੂੰ 8 ਬੋਤਲਾਂ ਪੰਜਾਬ ਦੀ ਵਿਸਕੀ ਦੀਆਂ ਸਮੇਤ ਗ੍ਰਿਫਤਾਰ ਕੀਤਾ ਸੀ ਜਿਸ ਨੂੰ ਜਮਾਨਤ ਤੇ ਛੱਡ ਦਿੱਤਾ ਗਿਆ ਹੈ। ਇਸੇ ਤਰਾਂ ਹੀ ਥਾਣਾ ਨੰਦਗੜ ਪੁਲਿਸ ਨੇ ਰਾਜਦੀਪ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਨੰਦਗੜ ਤੋਂ 10 ਬੋਤਲਾਂ ਜੁਗਨੀ ਸ਼ਰਾਬ ਦੀਆਂ ਫੜੀਆਂ ਹਨ। ਪੁਲਿਸ ਨੇ ਮੁਲਜਮ ਨੂੰ ਜਮਾਨਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਠੇਕੇਦਾਰਾਂ ਵੱਲੋਂ ਇਸ ਕੰਮ ਲਈ ਵਟਸਐਪ ਗਰੁੱਪ ’ਚ ਮੋਬਾਇਲ ਨੰਬਰ ਸਮੇਤ ਮੈਸਜ਼ ਪਾਇਆ ਦੇਖਿਆ ਗਿਆ ਸੀ ਜਿਸ ’ਚ ਸ਼ਰਾਬ ਦੇ ਭਾਅ ਦੱਸੇ ਗਏ ਹਨ ਅਤੇ ਡਲਿਵਰੀ ਮੌਕੇ ਪੈਸੇ ਦੇਣ ਦੀ ਗੱਲ ਆਖੀ ਗਈ ਹੈ।