ਹਰਦਮ ਮਾਨ
ਕੌਂਸਲ ਨੇ ਸਿਟੀ ਪੁਲਿਸ ਸਥਾਪਿਤ ਕਰਨ ਦੇ ਮੁੱਦੇ ਸਮੇਤ ਪਾਸ ਕੀਤਾ ਬੱਜਟ
ਸਰੀ, 18 ਦਸੰਬਰ 2019 - ਸਰੀ ਸਿਟੀ ਪੁਲਿਸ ਸਥਾਪਨਾ ਦੇ ਮੁੱਦੇ ਨੂੰ ਲੈ ਕੇ ਬੀਤੀ ਸ਼ਾਮ ਸਰੀ ਸਿਟੀ ਹਾਲ ਦੇ ਬਾਹਰਵਾਰ ਸਰੀ ਪੁਲਿਸ ਦੇ ਹਮਾਇਤੀਆਂ ਅਤੇ ਵਿਰੋਧੀਆਂ ਵੱਲੋਂ ਸਿਟੀ ਕੌਂਸਲ ਉਪਰ ਦਬਾਅ ਪਾਉਣ ਲਈ ਇੱਕੋ ਸਮੇਂ ਆਹਮੋ ਸਾਹਮਣੇ ਦੋ ਵੱਖ ਵੱਖ ਰੈਲੀਆਂ ਕੀਤੀਆਂ ਗਈਆਂ। ਸਰੀ ਸਿਟੀ ਪੁਲਿਸ ਦੇ ਹੱਕ ਵਿਚ ਲੋਕਾਂ ਨੂੰ ਇਕੱਠੇ ਹੋਣ ਦਾ ਸੱਦਾ “ਵੇਕਅੱਪ ਸਰੀ” ਵੱਲੋਂ ਦਿੱਤਾ ਗਿਆ ਅਤੇ ਦੂਜੇ ਪਾਸੇ "ਕੀਪ ਆਰ. ਸੀ. ਐਮ. ਪੀ." ਗਰੁੱਪ ਦੇ ਸੱਦੇ ਤੇ ਸਰੀ ਵਿਚ ਆਰ.ਸੀ.ਐਮ.ਪੀ. ਹੀ ਰੱਖਣ ਵਾਲੇ ਸ਼ਹਿਰੀ ਇਕੱਤਰ ਹੋਏ। ਦਿਲਚਸਪ ਸਥਿਤੀ ਇਹ ਸੀ ਕਿ ਸਿਟੀ ਪੁਲਿਸ ਦੇ ਸਾਰੇ ਹਮਾਇਤੀ ਪੰਜਾਬੀ ਭਾਈਚਾਰੇ ਨਾਲ ਸਬੰਧਤ ਸਨ ਜਦੋਂ ਕਿ ਵਿਰੋਧੀਆਂ ਵਿਚ ਕੋਈ ਵੀ ਪੰਜਾਬੀ ਸ਼ਾਮਲ ਨਹੀਂ ਸੀ। ਸਿਟੀ ਪੁਲਿਸ ਦੇ ਹਮਾਇਤੀਆਂ ਨੇ ਆਪਣੇ ਹੱਥਾਂ ਵਿਚ ਤਖਤੀਆਂ, ਬੈਨਰ ਫੜ ਕੇ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਵਿਰੋਧੀਆਂ ਨੇ ਆਪਣੀਆਂ ਦਲੀਲਾਂ ਨਾਲ ਸਿਟੀ ਪੁਲਿਸ ਦੀ ਸਥਾਪਨਾ ਨੂੰ ਗ਼ੈਰ-ਵਾਜਿਬ ਦੱਸਣਾ ਚਾਹਿਆ। ਦੋਹਾਂ ਧਿਰਾਂ ਨੂੰ ਆਪਸੀ ਟਕਰਾ ਤੋਂ ਬਚਾਉਣ ਲਈ ਪੁਲਿਸ ਨੇ ਪ੍ਰਬੰਧ ਕੀਤੇ ਹੋਏ ਸਨ।
ਜ਼ਿਕਰਯੋਗ ਹੈ ਕਿ ਸਿਟੀ ਕੌਂਸਲ ਵੱਲੋਂ ਅੱਜ ਆਪਣਾ ਬੱਜਟ ਪਾਸ ਕੀਤਾ ਜਾਣਾ ਸੀ, ਜਿਸ ਵਿਚ ਸਰੀ ਸਿਟੀ ਪੁਲਿਸ ਸਥਾਪਿਤ ਕਰਨ ਲਈ ਫੰਡ ਰੱਖੇ ਜਾਣੇ ਸਨ। ਇਸੇ ਦੌਰਾਨ ਸਿਟੀ ਦੇ ਮੇਅਰ ਡੱਗ ਮੈਕੱਲਮ ਅਤੇ ਉਸ ਦੇ ਹਮਾਇਤੀ ਕੌਂਸਲਰਾਂ ਸਿਟੀ ਪੁਲਿਸ ਦੇ ਹਮਾਇਤੀਆਂ ਦੇ ਇਕੱਠ ਵਿਚ ਆਏ ਅਤੇ ਡੱਗ ਮੈਕੱਲਮ ਕਿਹਾ ਕਿ ਲੋਕਾਂ ਨੇ ਚੋਣਾਂ ਦੌਰਾਨ ਸਿਟੀ ਪੁਲਿਸ ਸਥਾਥਿਤ ਕਰਨ ਲਈ ਫਤਵਾ ਦਿੱਤਾ ਸੀ ਅਤੇ ਉਹ ਲੋਕਾਂ ਵੱਲੋਂ ਦਿੱਤੇ ਫਤਵੇ ਉਪਰ ਪਹਿਰਾ ਦੇਣਗੇ। ਬਾਅਦ ਵਿਚ ਸਿਟੀ ਕੌਂਸਲ ਨੇ ਇਸ ਮੁੱਦੇ ਸਮੇਤ ਆਪਣਾ ਬੱਜਟ ਪਾਸ ਕਰ ਦਿੱਤਾ।