ਸਰੀ ਦਾ ਦੂਜਾ ਅਤੇ ਨਵਾਂ ਹਸਪਤਾਲ ਕਲੋਵਰਡੇਲ ਵਿਚ ਬਣੇਗਾ- ਜੌਹਨ ਹੌਰਗਨ
ਹਰਦਮ ਮਾਨ , ਸਪੈਸ਼ਲ ਰਿਪੋਰਟਰ , ਬੀ ਸੀ ,ਕੈਨੇਡਾ
ਸਰੀ, 10 ਦਸਬੰਰ-ਸਰੀ ਵਿਚ ਦੂਜਾ ਹਸਪਤਾਲ ਕਲੋਵਰਡੇਲ ਵਿੱਚ 55 ਐਵੀਨਿਊ ਅਤੇ 180 ਸਟਰੀਟ ਤੇ ਕਵਾਂਟਲੇਨ ਪੌਲੀਟੈਕਨਿਕ ਯੂਨੀਵਰਸਿਟੀ ਕੈਂਪਸ ਦੇ ਨਾਲ ਬਣਾਇਆ ਜਾਵੇਗਾ। ਇਹ ਐਲਾਨ ਕਰਦਿਆਂ ਬੀ.ਸੀ. ਦੇ ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਕਿ ਇਸ ਨਵੀਂ, ਅਤਿ ਆਧੁਨਿਕ ਸਹੂਲਤ ਲਈ ਜਗ੍ਹਾ ਦੀ ਖਰੀਦ ਤੋਂ ਬਾਅਦ, ਪ੍ਰਾਜੈਕਟ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ ਅਤੇ ਇਸ ਵੱਡੇ ਪ੍ਰੋਜੈਕਟ ਉਪਰ ਇਕ ਤੋਂ ਦੋ ਬਿਲੀਅਨ ਖਰਚ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ 2021 ਦੇ ਅਖੀਰ ਵਿਚ ਜਾਂ 2022 ਵਿਚ ਸ਼ੁਰੂ ਹੋ ਜਾਵੇਗਾ। ਨਵੇਂ ਸਰੀ ਹਸਪਤਾਲ ਵਿੱਚ ਇਨ-ਪੇਸ਼ੈਂਟ ਬੈੱਡਜ਼, ਇੱਕ ਐਮਰਜੈਂਸੀ ਵਿਭਾਗ, ਓਪਰੇਟਿੰਗ ਰੂਮ, ਲੈਬਾਰਟਰੀ ਅਤੇ ਡਾਇਗਨੋਸਟਿਕ ਸੇਵਾਵਾਂ ਅਤੇ ਬਾਹਰੀ ਮਰੀਜ਼ਾਂ ਦੀਆਂ ਸੇਵਾਵਾਂ ਹੋਣਗੀਆਂ। ਜੌਹਨ ਹੌਰਗਨ ਨੇ ਸੈਟੇਲਾਈਟ ਤੇ ਉਹ ਜਗ੍ਹਾ ਵੀ ਦਿਖਾਈ ਜਿੱਥੇ ਇਸ ਹਸਪਤਾਲ ਦੀ ਉਸਾਰੀ ਹੋਵੇਗੀ।
ਇਸ ਮੌਕੇ ਬੋਲਦਿਆਂ ਸਿਹਤ ਮੰਤਰੀ ਐਡਰਿਅਨ ਡਿਕਸ ਨੇ ਕਿਹਾ ਕਿ ਪ੍ਰੀਮੀਅਰ ਨੇ ਸਰੀ ਦੇ ਲੋਕਾਂ ਨੂੰ ਇਕ ਨਵਾਂ ਹਸਪਤਾਲ ਦੇਣ ਦਾ ਵਾਅਦਾ ਕੀਤਾ ਸੀ ਅਤੇ ਅੱਜ ਅਸੀਂ ਉਸ ਵਾਅਦੇ ਨੂੰ ਪੂਰਾ ਕਰਨ ਜਾ ਰਹੇ ਹਾਂ। ਸਰੀ ਦੇ ਤੇਜ਼ੀ ਨਾਲ ਵੱਧ ਰਹੇ ਕਮਿਊਨਿਟੀ ਦੀਆਂ ਸਿਹਤ-ਸੰਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹ ਇਕ ਮਹੱਤਵਪੂਰਣ ਵਚਨਬੱਧਤਾ ਹੈ।
ਇਸ ਮੌਕੇ ਫਰੇਜ਼ਰ ਹੈਲਥ ਦੇ ਪ੍ਰਧਾਨ ਅਤੇ ਸੀਈਓ ਡਾ. ਵਿਕਟੋਰੀਆ ਲੀ, ਸਰੀ ਦੇ ਮੇਅਰ ਡੱਗ ਮੈਕਲਮ ਅਤੇ ਸਰੀ ਦੇ ਕਈ ਐਮ.ਐਲ.ਏਜ਼. ਮੌਜੂਦ ਸਨ। ਇਨ੍ਹਾਂ ਸਾਰਿਆਂ ਨੇ ਸਿਹਤ ਸੇਵਾਵਾਂ ਨੂੰ ਦੂਰ ਦੁਰਾਡੇ ਦੇ ਲੋਕਾਂ ਦੀ ਪਹੁੰਚ ਵਿਚ ਲਿਆਉਣ ਹਿਤ ਅਤੇ ਸਿਹਤ ਸੰਭਾਲ ਨੂੰ ਆਧੁਨਿਕ ਬਣਾਉਣ ਲਈ ਨਵਾਂ ਹਸਪਤਾਲ ਬਣਾਉਣ ਦੇ ਕਦਮ ਦਾ ਸਮਰਥਨ ਕੀਤਾ।