ਸ੍ਰੀ ਆਨੰਦਪੁਰ ਸਾਹਿਬ ਨੂੰ ਸੈਰ ਸਪਾਟੇ ਦਾ ਕੌਮਾਂਤਰੀ ਕੇਂਦਰ ਅਤੇ ਸਿਲੀਕੋਨ ਹੱਬ ਬਣਾਇਆ ਜਾਵੇਗਾ - ਪ੍ਰੋ. ਚੰਦੂਮਾਜਰਾ
- ਚੋਣ ਪ੍ਰਚਾਰ ਦੇ ਆਖਰੀ ਦਿਨ ਪ੍ਰੋ. ਚੰਦੂਮਾਜਰਾ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਚ ਰੋਡ ਸ਼ੋਅ ਕੀਤੇ
- ਮੋਹਾਲੀ ਕੌਮਾਂਤਰੀ ਮੰਤਰੀ ਹਵਾਈ ਅੱਡੇ ਦਾ ਕਾਰਗੋ ਟਰਮੀਨਲ ਚਾਲੂ ਕਰਵਾਂਗੇ: ਪ੍ਰੋ. ਚੰਦੂਮਾਜਰਾ
ਸ੍ਰੀ ਆਨੰਦਪੁਰ ਸਾਹਿਬ, 30 ਮਈ 2024 - ਸ਼੍ਰੋਮਣੀ ਅਕਾਲੀ ਦਲ ਦੇ ਵਹਿਦ ਇੱਕੋ ਇੱਕ ਅਜਿਹੀ ਖੇਤਰੀ ਪਾਰਟੀ ਹੈ ਜੋ ਇੱਕ ਸਦੀ ਤੋਂ ਵੱਧ ਸਮੇਂ ਤੋਂ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਜੂਝਦੀ ਆਈ ਹੈ ਤੇ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੀ ਰਹੇਗੀ, ਇਹ ਸ਼ਬਦ ਪਾਰਟੀ ਦੇ ਸੀਨੀਅਰ ਨੇਤਾ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਹਲਕੇ ਦੇ ਵੱਖ-ਵੱਖ ਰੋਅ ਸ਼ੋਅ ਨੂੰ ਸੰਬੋਧਨ ਕਰਦਿਆਂ ਆਖੇ। ਪ੍ਰੋ. ਚੰਦੂਮਾਜਰਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਉਨ੍ਹਾਂ ਸਾਰੇ ਵਿਧਾਨ ਸਭਾ ਹਲਕਿਆਂ ਚ ਆਪਣੇ ਰੋਡ ਸ਼ੋਅ ਦੌਰਾਨ ਕੱਢੇ। ਉਨ੍ਹਾਂ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦ ਉਹ 2014 ਵਿੱਚ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੀ ਨੁਮਾਇੰਦਗੀ ਕਰ ਰਹੇ ਸਨ, ਉਸ ਸਮੇਂ ਕੇਂਦਰੀ ਹਵਾਵਾਜੀ ਮੰਤਰੀ ਨਾਲ ਸੰਪਰਕ ਕਰਕੇ ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਕਾਰਗੋ ਟਰਮੀਨਲ ਨੂੰ ਮਨਜ਼ਰ ਕਰਵਾਇਆ ਸੀ, ਪਰ ਇਸ ਤੋਂ ਬਾਅਦ ਸੂਬੇ ਚ ਕਾਂਗਰਸ ਦੀ ਸਰਕਾਰ ਆਉਣ ਨਾਲ ਇਸ ਨੂੰ ਚਾਲੂ ਕਰਨ ਦਾ ਕੰਮ ਠੱਪ ਹੋ ਗਿਆ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜੇ ਹਲਕੇ ਦੇ ਵੋਟਰਾਂ ਨੇ ਉਨ੍ਹਾਂ ਦੇ ਹੱਥ ਮਜਬੂਤ ਕੀਤੇ ਤਾਂ ਉਹ ਕਾਰਗੋ ਟਰਮੀਨਲ ਸ਼ੁਰੂ ਕਰਵਾਉਣਗੇ ਜਿਸ ਨਾਲ ਪੰਜਾਬ ਤੋਂ ਹਰ ਰੋਜ਼ ਸਬਜ਼ੀਆਂ, ਫ਼ਲ ਤੇ ਹੋਰ ਸਮਾਨ ਦੂਜੇ ਮੁਲਕਾਂ ਨੂੰ ਜਾਵੇਗਾ, ਇਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਇਸ ਤੋਂ ਇਲਾਵਾ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਨੂੰ ਕੌਮਾਂਤਰੀ ਪੱਧਰ ਦਾ ਸੈਰ ਸਪਾਟਾ ਕੇਂਦਰ ਬਣਾਇਆ ਜਾਵੇਗਾ, ਕਿਉਂਕਿ ਇਸ ਪਵਿੱਤਰ ਧਰਤੀ ਦੀ ਧਾਰਮਿਕ ਮਹੱਤਤਾ ਤੋਂ ਇਲਾਵਾ ਇਹ ਹਲਕਾ ਬਾਈ ਧਾਰ ਦੀਆਂ ਪਹਾੜੀਆਂ ਵਿੱਚ ਘਿਰਿਆ ਹੋਇਆ ਹੈ ਅਤੇ ਪਾਣੀ ਦੀ ਬਹੁਤਾਤ ਹੈ ਜੋ ਟੂਰਿਜ਼ਮ ਲਈ ਬਹੁਤ ਢੁਕਵਾਂ ਹੈ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਤਿਕਾਰਯੋਗ ਵੋਟਰਾਂ ਦੇ ਸਹਿਯੋਗ ਅਤੇ ਇੱਛਾ ਸ਼ਕਤੀ ਨਾਲ ਵੱਡੀ ਟੂਰਿਜਮ ਹੱਬ ਬਣਾਉਣ ਦੀ ਧਾਰੀ ਹੋਈ ਹੈ।
ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਹਲਕਾ ਉਹਨਾਂ ਦਾ ਆਪਣਾ ਘਰ ਹੈ ਅਤੇ ਉਹ ਆਪਣੇ ਹਲਕੇ ਦੇ ਵੋਟਰਾਂ ਨੂੰ ਪਰਿਵਾਰਕ ਮੈਂਬਰ ਸਮਝਦੇ ਹਨ, ਇਸ ਲਈ ਲਗਾਤਾਰ ਤੀਜੀ ਵਾਰ ਇਸ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰੇ ਹਨ। ਉਨ੍ਹਾਂ ਆਪਣੀ 2014 ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਨੇ ਉਸ ਵਕਤ ਹਰ ਇੱਕ ਕੇਂਦਰੀ ਵਜ਼ੀਰ ਨੂੰ ਮਿਲਕੇ ਹਲਕੇ ਵਿੱਚ ਵੱਧ ਤੋਂ ਵੱਧ ਕੇਂਦਰੀ ਸਕੀਮਾਂ ਲਿਆਂਦੀਆਂ, ਫਲਾਈ ਓਵਰ, ਅੰਡਰ ਬ੍ਰਿਜ, ਪੁਲ ਅਤੇ ਸੜਕਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਵਾਏ। ਉਨ੍ਹਾਂ ਕਿਹਾ ਕਿ ਇਸ ਚੋਣ ਮੁਹਿੰਮ ਵਿੱਚ ਵੀ ਉਹ ਆਪਣੀ ਦਿਮਾਗ ਵਿੱਚ ਹਲਕੇ ਦੇ ਵਿਕਾਸ ਦਾ ਰੋਡ ਮੈਪ ਲੈ ਕੇ ਚੱਲ ਚੱਲੇ ਹਨ। ਜੇਕਰ ਵੋਟਰਾਂ ਨੇ ਉਹਨਾਂ ਦੇ ਹੱਕ ਵਿੱਚ ਫਤਵਾ ਦਿੱਤਾ ਜਿਸ ਦਾ ਉਹਨਾਂ ਨੂੰ ਪੂਰਾ ਯਕੀਨ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਹਲਕੇ ਦਾ ਕਾਇਆ ਕਲਪ ਕੀਤਾ ਜਾਵੇਗਾ। ਚੰਦੂਮਾਜਰਾ ਨੇ ਆਪਣੇ ਵਿਰੋਧੀ ਉਮੀਦਵਾਰਾਂ ਬਾਰੇ ਕਿਹਾ ਕਿ ਪਹਿਲੀ ਗੱਲ ਤਾਂ ਉਹ ਸਾਰੇ ਹਲਕੇ ਦੇ ਬਾਹਰ ਦੇ ਹਨ ਅਤੇ ਇਸ ਹਲਕੇ ਬਾਰੇ ਕੁਝ ਨਹੀਂ ਜਾਣਦੇ, ਦੂਜਾ ਇਹਨਾਂ ਦੀ ਡੋਰ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਦੇ ਹੱਥ ਵਿੱਚ ਹੈ ਜੋ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਚੱਲਦੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਤੇ ਇਸ ਨੇ ਪੰਜਾਬ ਦੇ ਹਿੱਤਾਂ ਲਈ ਹੀ ਫੈਸਲੇ ਲੈਣੇ ਹਨ। ਇਸ ਉੱਪਰ ਕੋਈ ਕੇਂਦਰੀ ਕੁੰਡਾ ਨਹੀਂ ਹੈ। ਉਹਨਾਂ ਤਸੱਲੀ ਜਾਹਿਰ ਕੀਤੀ ਕਿ ਆਨੰਦਪੁਰ ਸਾਹਿਬ ਹਲਕੇ ਦੀ ਲੋਕ ਇਹ ਸਭ ਕੁਝ ਸਮਝਦੇ ਹਨ ਇਸ ਲਈ ਉਹ ਜਰੂਰ ਆਪਣੇ ਧਰਤੀ ਪੁੱਤਰ ਨੂੰ ਕਾਮਯਾਬ ਕਰਨਗੇ।