ਸਖ਼ਤ ਸੁਰੱਖਿਆ ਪ੍ਰਬੰਧ ਹੇਠ ਸਜਿਆ ਬਠਿੰਡਾ ਹਲਕੇ ’ਚ ਚੋਣਾਂ ਦਾ ਵਿਹੜਾ
ਅਸ਼ੋਕ ਵਰਮਾ
ਬਠਿੰਡਾ,31 ਮਈ2024: ਬਠਿੰਡਾ ਹਲਕੇ ਦਾ ਵਿਹੜਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਲਈ ਸਜ ਕੇ ਤਿਆਰ ਹੈ। ਪੂਰੇ ਪੰਜਾਬ ਦੀ ਨਜ਼ਰ ਬਠਿੰਡਾ ਹਲਕੇ ’ਤੇ ਟਿਕੀ ਹੋਈ ਹੈ। ਬਾਦਲਾਂ ਲਈ ਚੋਣ ਵਿਹੜੇ ’ਚ ਐਤਕੀਂ ਧਮਾਲ ਤੇ ਕਮਾਲ ਕਰਨੀ ਸੌਖੀ ਨਹੀਂ ਜਾਪਦੀ। ਸ਼ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਮੈਦਾਨ ’ਚ ਉੱਤਰੇ ਹਨ, ਜਿਨ੍ਹਾਂ ਦੇ ਸਾਹਮਣੇ ਕਾਂਗਰਸੀ ਉਮੀਦਵਾਰ ਜੀਤਮੋਹਿੰਦਰ ਸਿੰਘ ਸਿੱਧੂ,ਆਮ ਆਦਮੀ ਪਾਰਟੀ ਦੇ ਉਮੀਦਵਾਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਅਤੇ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਸਾਬਕਾ ਅਫਸਰ ਪਰਮਪਾਲ ਕੌਰ ਸਿੱਧੂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੱਖਾ ਸਿਧਾਣਾ ਹਨ। ਉਧਰ, ਚੋਣ ਕਮਿਸ਼ਨ ਨੇ ਜ਼ਿਲ੍ਹੇ ਭਰ ਵਿਚ ਚੋਣ ਪ੍ਰਬੰਧ ਮੁਕੰਮਲ ਕਰ ਲਏ ਹਨ। ਚੋਣ ਅਮਲਾ ਅੱਜ ਸਖ਼ਤ ਸੁਰੱਖਿਆ ਹੇਠ ਪੋਲਿੰਗ ਸਟੇਸ਼ਨਾਂ ’ਤੇ ਪੁੱਜਿਆ। ਬਠਿੰਡਾ ਹਲਕੇ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਭਵਿੱਖ ਵੀ ਜੁੜਿਆ ਲੱਗਦਾ ਹੈ।
ਵੇਰਵਿਆਂ ਅਨੁਸਾਰ ਬਠਿੰਡਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਹਨ, ਜਿਨ੍ਹਾਂ ਚ 83-ਲੰਬੀ, 91-ਭੁੱਚੋ ਮੰਡੀ (ਐਸਸੀ), 92-ਬਠਿੰਡਾ (ਸ਼ਹਿਰੀ), 93-ਬਠਿੰਡਾ (ਦਿਹਾਤੀ) (ਐਸਸੀ), 94-ਤਲਵੰਡੀ ਸਾਬੋ, 95-ਮੌੜ, 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ (ਐਸਸੀ) ਸ਼ਾਮਲ ਹਨ। ਲੋਕ ਸਭਾ ਹਲਕਾ ਬਠਿੰਡਾ ਵਿੱਚਕੁੱਲ 1814 ਪੋਲਿੰਗ ਸਟੇਸ਼ਨਾਂ ਲਈ 14077 ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ, ਜਿਸ ’ਚ 7542 ਮਰਦ ਅਤੇ 6535 ਔਰਤਾਂ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਲੋਕ ਸਭਾ ਹਲਕੇ ਜਨਰਲ ਵੋਟਰਾਂ ਦੀ ਗਿਣਤੀ 16 ਲੱਖ51ਹਜ਼ਾਰ188 ਹੈ। ਇੰਨ੍ਹਾਂ ’ਚ 8ਲੱਖ 70ਹਜ਼ਾਰ14 ਮਰਦ, 7ਲੱਖ 8ਹਜ਼ਾਰ1140 ਔਰਤ ਵੋਟਰ ਅਤੇ 34 ਟਰਾਂਸਜੈਂਡਰ ਵੋਟਰ ਹਨ।
ਇਸ ਤੋਂ ਇਲਾਵਾ ਬਠਿੰਡਾ ਹਲਕੇ ਵਿੱਚ 7975 ਸਰਵਿਸ ਵੋਟਰ ਹਨ ਜਿਨ੍ਹਾਂ ਚ ਵਿਧਾਨ ਸਭਾ ਹਲਕਾ ਭੁੱਚੋ ਤੋਂ 838, ਬਠਿੰਡਾ (ਸ਼ਹਿਰੀ) ਤੋਂ 338, ਬਠਿੰਡਾ (ਦਿਹਾਤੀ) ਤੋਂ 762, ਤਲਵੰਡੀ ਸਾਬੋ ਤੋਂ 812, ਮੌੜ ਤੋਂ 1335, ਲੰਬੀ ਤੋਂ 550, ਮਾਨਸਾ ਤੋਂ 902, ਸਰਦੂਲਗੜ੍ਹ ਤੋਂ 1133 ਅਤੇ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ 1305 ਸਰਵਿਸ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ 18-19 ਸਾਲ ਵਰਗ ਦੇ 39306 ਨਵੇਂ ਨੌਜਵਾਨ ਵੋਟਰ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹੇ ’ਚ 50 ਮਾਡਲ ਬੂਥ, 6 ਦਿਵਿਯਾਂਗ ਵੋਟਰਾਂ ਲਈ, 5 ਨਵੇਂ ਵੋਟਰਾਂ ਲਈ, 7 ਗਰੀਨ ਅਤੇ 26 ਪਿੰਕ ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ, ਜਿਨ੍ਹਾਂ ਦੇ ਨਤੀਜ਼ੇ 4 ਜੂਨ ਨੂੰ ਐਲਾਨੇ ਜਾਣਗੇ। ਉਨ੍ਹਾਂ ਕਿਹਾ ਕਿ ਚੋਣ ਅਮਲਾ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ’ਤੇ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਚੋਣ ਡਿਊਟੀ ਦੌਰਾਨ ਜੇਕਰ ਕੋਈ ਵੀ ਕਰਮਚਾਰੀ ਗੈਰ ਹਾਜ਼ਰ ਜਾਂ ਚੋਣ ਡਿਊਟੀ ’ਚ ਕੋਤਾਹੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਲੋਕ ਪ੍ਰਤੀਨਿਧਤਾ ਐਕਟ 1951 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸੁਰੱਖਿਆ ਦੇ ਸਖਤ ਪ੍ਰਬੰਧ-ਏਡੀਜੀਪੀ
ਏਡੀਜੀਪੀ ਬਠਿੰਡਾ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਦਾ ਕਹਿਣਾ ਸੀ ਕਿ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਇੰਤਜ਼ਾਮ ਪੂਰਨ ਰੂਪ ਵਿਚ ਮੁਕੰਮਲ ਹਨ। ਪੁਲੀਸ ਅਤੇ ਨੀਮ ਫੌਜੀ ਬਲਾਂ ਦੀ ਮੁਸਤੈਦੀ ਵਧਾ ਦਿੱਤੀ ਗਈ ਹੈ। ਪੰਜਾਬ ਹਰਿਆਣਾ ਸੀਮਾ ’ਤੇ ਅੰਤਰਰਾਜੀ ਨਾਕੇ ਲਗਾਏ ਗਏ ਹਨ। ਸਮੁੱਚਾ ਸੰਸਦੀ ਹਲਕਾ ਸੰਵੇਦਨਸ਼ੀਲ ਐਲਾਨਿਆ ਗਿਆ ਹੈ।