ਹਲਕਾ ਡੇਰਾਬੱਸੀ ਦੇ ਵਾਸੀ ਡਾ. ਗਾਂਧੀ ਨੂੰ ਜਿਤਾਉਣ ਲਈ ਹੋਏ ਇਕਜੁੱਟ - ਦੀਪਇੰਦਰ ਢਿੱਲੋਂ
- ਦੀਪਇੰਦਰ ਢਿੱਲੋਂ ਨੇ ਡਾ. ਗਾਂਧੀ ਦਾ ਚੋਣ ਪ੍ਰਚਾਰ ਸ਼ਿਖਰ ਤੇ ਪਹੁੰਚਾਇਆ
- ਕਿਹਾ, ਹਲਕਾ ਡੇਰਾਬੱਸੀ ਦੇ ਵਾਸੀ ਡਾ. ਗਾਂਧੀ ਨੂੰ ਜਿਤਾਉਣ ਲਈ ਹੋਏ ਇਕਜੁੱਟ
ਡੇਰਾਬੱਸੀ, 29 ਮਈ 2024 - ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਦੇ ਚੋਣ ਪ੍ਰਚਾਰ ਨੂੰ ਸ਼ਿਖਰ ਤੇ ਪਹੁੰਚਾਉਂਦਿਆਂ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵੱਲੋ ਪਿੰਡ ਹਰੀਪੁਰ ਕੂੜਾ, ਦੇਵੀ ਨਗਰ, ਸ਼ਕਤੀ ਨਗਰ ਅਤੇ ਵਖ ਵੱਖ ਵਾਰਡਾਂ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਗਿਆ। ਉਹਨਾਂ ਬੋਲਦਿਆਂ ਕਿਹਾ ਕਿ 10 ਸਾਲਾਂ ਚ ਮਹਿੰਗਾਈ, ਬੇਰੁਜ਼ਗਾਰੀ, ਧਰਮਾਂ ਦੇ ਨਾਂ ਤੇ ਸਿਆਸਤ ਵਰਗੇ ਗੰਭੀਰ ਮੁੱਦਿਆਂ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਜਿਹੜਾ ਖਿਲਾਫ ਬੋਲਦਾ ਸੀ ਉਸਨੂੰ ਦਬਾਅ ਪਾ ਕਿ ਚੁੱਪ ਕਰਵਾ ਦਿੱਤਾ ਜਾਂਦਾ ਸੀ।
ਹੁਣ ਲੋਕਾਂ ਦੇ ਸਬਰ ਦਾ ਘੜਾ ਭਰ ਚੁੱਕਾ ਹੈ। ਲੋਕ ਵੀ ਲੰਮੇ ਸਮੇਂ ਤੋਂ ਜਿਸ ਦਿਨ ਦੀ ਉਡੀਕ ਕਰ ਰਹੇ ਸਨ ਉਹ 1 ਜੂਨ ਨੂੰ ਆ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦਿਨ ਦੇਸ ਵਾਸੀ ਇੰਡੀਆ ਗੱਠਜੋੜ ਨੂੰ ਵੋਟਾਂ ਪਾ ਕੇ ਇਤਿਹਾਸ ਬਣਾਉਣ ਵਿੱਚ ਯੋਗਦਾਨ ਪਾਉਣਗੇ। ਉਹਨਾਂ ਕਾਂਗਰਸ ਉਮੀਦਵਾਰ ਡਾਕਟਰ ਗਾਂਧੀ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਦਾ ਪੰਜ ਸਾਲ ਦਾ ਕੰਮ ਹੀ ਪ੍ਰਨੀਤ ਕੌਰ ਦੇ ਵੀਹ ਸਾਲਾਂ ਦੇ ਕੰਮ 'ਤੇ ਭਾਰੀ ਪੈਂਦਾ ਹੈ। ਡਾਕਟਰ ਗਾਂਧੀ ਕੋਲ ਹੋਰਾਂ ਵਾਂਗ ਸਿਰਫ ਹਵਾਈ ਗੱਲਾਂ ਨਹੀਂ ਸਗੋ ਵਿਕਾਸ ਅਤੇ ਪੰਜਾਬ ਦੇ ਸੁਆਲਾਂ ਬਾਰੇ ਇੱਕ ਸਪੱਸ਼ਟ ਨਜ਼ਰੀਆ ਤੇ ਏਜੰਡਾ ਹੈ। ਇਸ ਲਈ ਇਹਨਾਂ ਨੂੰ ਜਿਤਾਉਣਾ ਪਹਿਲੀ ਜਿੰਮੇਵਾਰੀ ਬਣਦੀ ਹੈ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕਾਂ ਦਾ ਪਿਆਰ ਅਤੇ ਉਤਸ਼ਾਹ ਇਸ ਗੱਲ ਦਾ ਹੁੰਘਾਰਾ ਭਰ ਰਿਹਾ ਹੈ ਕਿ ਡਾ: ਗਾਂਧੀ ਵੱਡੇ ਮਾਰਜ਼ਨ ਨਾਲ ਜਿੱਤਣਗੇ।
ਉਹਨਾਂ ਕਿਹਾ ਕਿ ਹਲਕਾ ਡੇਰਾਬੱਸੀ ਦੇ ਵਾਸੀ ਡਾਕਟਰ ਗਾਂਧੀ ਨੂੰ ਜਿਤਾਉਣ ਲਈ ਪੂਰੀ ਤਰ੍ਹਾਂ ਇਕਜੁੱਟ ਹਨ। ਲੋਕ 1 ਜੂਨ ਨੂੰ ਪੰਜੇ ਤੇ ਮੋਹਰਾਂ ਲਾਉਣ ਲਈ ਕਾਹਲੇ ਪਏ ਹੋਏ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਇਮਾਨਦਾਰੀ ਦਾ ਝੂਠਾ ਰੌਲਾ ਪਾ ਕਿ ਸੱਤਾ ਹਾਸਲ ਤਾਂ ਕਰ ਗਈ ਪਰ ਇਸਦੇ ਆਪਣੇ ਮੰਤਰੀਆਂ ਤੇ ਸਭ ਤੋਂ ਵੱਧ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਜਿਨ੍ਹਾਂ ਜੇਲ੍ਹ ਯਾਤਰਾ ਵੀ ਕੀਤੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਤਾਂ ਲਾਈਨ ਵਿਚ ਹੀ ਨਹੀਂ ਹਨ। ਇਸ ਕਰਕੇ ਪੰਜਾਬ ਅਤੇ ਦੇਸ ਨੂੰ ਸਿਰ੍ਫ ਤੇ ਸਿਰ੍ਫ ਕਾਂਗਰਸ ਪਾਰਟੀ ਦੀ ਸਰਕਾਰ ਹੀ ਬਚਾ ਸਕਦੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਵਰਕਰ ਅਤੇ ਆਗੂ ਸਾਹਿਬਾਨ ਹਾਜ਼ਰ ਰਹੇ।