ਹੁਸ਼ਿਆਰਪੁਰ: ਹਰੇਕ ਵੋਟਰ ਆਪਣੇ ਵੋਟ ਦੇ ਹੱਕ ਦਾ ਜ਼ਰੂਰ ਕਰੇ ਇਸਤੇਮਾਲ : ਕੋਮਲ ਮਿੱਤਲ
- ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਨੂੰ ਵੋਟ ਪਾਉਣ ਦਾ ਨਿੱਘਾ ਸੱਦਾ
- ਕਿਹਾ, ਵੋਟ ਸਾਡਾ ਅਧਿਕਾਰ ਵੀ ਤੇ ਫਰਜ਼ ਵੀ
- ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਸਾਰੇ 1963 ਪੋਲਿੰਗ ਬੂਥਾਂ ਲਈ 7500 ਦੇ ਕਰੀਬ ਪੋਲਿੰਗ ਸਟਾਫ ਰਵਾਨਾ
ਹੁਸ਼ਿਆਰਪੁਰ, 31 ਮਈ 2024 - ਲੋਕ ਸਭਾ ਚੋਣ ਲਈ 1 ਜੂਨ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਸਮੂਹ ਵੋਟਰਾਂ ਨੂੰ ਮਤਦਾਨ ਕੇਂਦਰਾਂ 'ਤੇ ਪਹੁੰਚ ਕੇ ਵੋਟ ਕਰਨ ਲਈ ਨਿੱਘਾ ਚੋਣ ਸੱਦਾ ਦਿੱਤਾ ਹੈ। ਐਸ.ਐਸ.ਪੀ ਸੁਰਿੰਦਰ ਲਾਂਬਾ ਸਮੇਤ ਅੱਜ ਜ਼ਿਲ੍ਹੇ ਵੱਖ-ਵੱਖ ਦੇ ਡਿਸਪੈਚ ਸੈਂਟਰਾਂ ਤੋਂ ਪੋਲਿੰਗ ਪਾਰਟੀਆਂ ਨੂੰ ਲੋੜੀਂਦੇ ਦਿਸ਼ਾ- ਨਿਰਦੇਸ਼ ਦੇ ਕੇ ਰਵਾਨਾ ਕਰਨ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟ ਨਾਗਰਿਕਾਂ ਦਾ ਇਕ ਅਧਿਕਾਰ ਵੀ ਹੈ ਅਤੇ ਇਹ ਇਕ ਫ਼ਰਜ਼ ਵੀ ਹੈ, ਇਸ ਲਈ ਹਰੇਕ ਵੋਟਰ ਨੂੰ ਆਪਣੇ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਆਧਾਰ ਲੋਕ ਹੁੰਦੇ ਹਨ ਜੋ ਵੋਟ ਦੀ ਤਾਕਤ ਨਾਲ ਆਪਣੀ ਸਰਕਾਰ ਚੁਣਦੇ ਹਨ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਉਨ੍ਹਾਂ ਕਿਹਾ ਕਿ ਗਰਮੀ ਦੇ ਮੱਦੇਨਜ਼ਰ ਵੋਟਰ ਸਵੇਰ ਦੇ ਸਮੇਂ ਵੋਟਾਂ ਪਾਉਣ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਸਾਰੇ ਬੂਥਾਂ 'ਤੇ ਹਰੇਕ ਪਹਿਲੇ 30 ਵੋਟਰਾਂ ਨੂੰ ਬਹੁਤ ਵਧੀਆ ਇਨਾਮ ਵੀ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ ਸਾਰੀਆਂ ਚੋਣ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਸਾਰੇ 1963 ਪੋਲਿੰਗ ਬੂਥਾਂ ਲਈ 7500 ਦੇ ਕਰੀਬ ਪੋਲਿੰਗ ਸਟਾਫ ਰਵਾਨਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੂਥਾਂ 'ਤੇ ਵੀ ਵੋਟਰਾਂ ਲਈ ਸਾਰੇ ਪ੍ਰਬੰਧ ਕੀਤੇ ਹਨ ਅਤੇ ਸੁਰੱਖਿਆ ਦੇ ਵੀ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਵੋਟ ਸਾਡਾ ਅਧਿਕਾਰ ਹੈ ਅਤੇ ਅਸੀਂ ਇਸ ਨੂੰ ਫਰਜ਼ ਸਮਝ ਕੇ ਇਸ ਅਧਿਕਾਰ ਦੀ ਵਰਤੋਂ ਕਰਨੀ ਹੈ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਹੱਕ ਦਾ ਇਸਤੇਮਾਲ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਬਿਨ੍ਹਾਂ ਕਿਸੇ ਡਰ-ਭੈਅ ਜਾਂ ਲਾਲਚ ਦੇ ਮਤਦਾਨ ਲਈ ਬੂਥ 'ਤੇ ਆਓ ਅਤੇ ਦੇਸ਼ ਦੇ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿਓ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਕੁਝ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਜਿਸ ਦਾ ਸਭ ਧਿਰਾਂ ਨੂੰ ਪਾਲਣ ਕਰਨਾ ਚਾਹੀਦਾ ਹੈ। ਇਹ ਹਦਾਇਤਾਂ ਧਾਰਾ 144 ਤਹਿਤ ਕੀਤੀਆਂ ਗਈਆਂ ਹਨ ਅਤੇ ਉਲੰਘਣਾ ਕਰਨ 'ਤੇ ਕਾਰਵਾਈ ਕੀਤੀ ਜਾਵੇਗੀ। ਚੋਣਾਂ ਦੇ ਮੱਦੇਨਜ਼ਰ ਅਸੀਂ 30 ਮਈ ਸ਼ਾਮ 6 ਵਜੇ ਤੋਂ 1 ਜੂਨ ਨੂੰ ਮਤਦਾਨ ਪ੍ਰਕਿਰਿਆ ਮੁਕੰਮਲ ਹੋਣ ਤੱਕ ਅਤੇ ਫਿਰ 4 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਐਲਾਨਿਆ ਹੈ ਅਤੇ ਇਸ ਦੌਰਾਨ ਸ਼ਰਾਬ ਦੇ ਠੇਕੇ ਪੂਰੀ ਤਰਾਂ ਬੰਦ ਰਹਿਣਗੇ। ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕ ਨੇਤਾ ਕੋਈ ਵੀ ਪ੍ਰਚਾਰ ਜਾਂ ਬੈਨਰ ਨਹੀਂ ਲਗਾ ਸਕਣਗੇ ਅਤੇ ਪਾਰਟੀਆਂ ਦੇ ਬੂਥ ਵੀ ਕੇਂਦਰ ਤੋਂ ਘੱਟੋ-ਘੱਟ 200 ਮੀਟਰ ਦੂਰ ਹੀ ਲੱਗਣਗੇ।
30 ਮਈ ਸ਼ਾਮ ਨੂੰ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਹੁਣ ਘਰ-ਘਰ ਪ੍ਰਚਾਰ ਦੌਰਾਨ ਵੀ 5 ਤੋਂ ਜ਼ਿਆਦਾ ਵਿਅਕਤੀਆਂ ਦੇ ਇੱਕਠੇ ਚੱਲਣ 'ਤੇ ਪਾਬੰਦੀ ਲਗਾਈ ਗਈ ਹੈ। ਲਾਊਡਸਪੀਕਰ ਦੀ ਵਰਤੋਂ ਦੀ ਹੁਣ ਮਨਾਹੀ ਹੈ। ਕਿਸੇ ਟੀ.ਵੀ ਜਾਂ ਸਿਨੇਮੈਟੋਗ੍ਰਾਫੀ ਮਾਧਿਅਮ ਰਾਹੀਂ ਵੀ ਪ੍ਰਚਾਰ 'ਤੇ ਰੋਕ ਹੈ। ਓਪੀਨੀਅਨ ਪੋਲ, ਐਗਜਿਟ ਪੋਲ 'ਤੇ ਵੀ ਰੋਕ ਲਗਾਈ ਗਈ ਹੈ। ਇਲੈਕਟ੍ਰੋਨਿਕ ਮੀਡੀਆ ਵਿਚ ਕੋਈ ਸਿਆਸੀ ਇਸ਼ਤਿਹਾਰ ਨਹੀਂ ਦਿੱਤਾ ਜਾ ਸਕਦਾ ਹੈ ਅਤੇ 1 ਜੂਨ ਦੀਆਂ ਅਖ਼ਬਾਰਾਂ ਵਿਚ ਜੇਕਰ ਕੋਈ ਸਿਆਸੀ ਇਸ਼ਤਿਹਾਰ ਛਪਾਉਣਾ ਹੋਵੇ ਤਾਂ ਉਸਦੀ ਐਮ.ਸੀ.ਐਮ.ਸੀ ਤੋਂ ਪ੍ਰੀ- ਸਰਟੀਫਿਕੇਸ਼ਨ ਕਰਵਾਈ ਜਾਣੀ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਫੇਕ ਨਿਊਜ਼ 'ਤੇ ਵੀ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਹੈ ਅਤੇ ਜੇਕਰ ਕਿਸੇ ਨੇ ਵੀ ਕੋਈ ਫੇਕ ਨਿਊਜ਼ ਫ਼ੈਲਾਈ ਤਾਂ ਉਸਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਜ਼ਿਲ੍ਹੇ ਦੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਸੁਰੱਖਿਆ ਤਿਆਰੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਕਿਤੇ ਵੀ ਕਾਨੂੰਨ ਨੂੰ ਹੱਥ ਵਿਚ ਲੈਣ ਦੀ ਕੋਸ਼ਿਸ ਕੀਤੀ ਤਾਂ ਅਜਿਹੇ ਵਿਅਕਤੀ ਖ਼ਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਪੁਲਿਸ ਵੱਲੋਂ ਅਜਿਹੇ ਅਨਸਰਾਂ ਨਾਲ ਕਰੜੇ ਹੱਥੀਂ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੰਤਰਾਰਾਜੀ ਸਰਹੱਦ ਸਮੇਤ ਹਰ ਜਗ੍ਹਾ ਨਾਕੇਬੰਦੀ ਕੀਤੀ ਗਈ ਹੈ ਅਤੇ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਲਕੇ ਦੇ 400 ਸੰਵੇਦਨਸ਼ੀਲ ਬੂਥਾਂ 'ਤੇ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੱਸਿਆ ਕਿ ਜ਼ਿਲ੍ਹੇ ਵਿਚ ਪਾਰਦਰਸ਼ੀ, ਨਿਰਪੱਖ ਤੇ ਬਿਨਾਂ ਕਿਸੇ ਡਰ-ਭੈਅ ਦੇ ਚੋਣਾਂ ਕਰਾਉਣ ਲਈ 3000 ਦੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਅਰਧ ਸੈਨਿਕ ਬਲਾਂ ਦੀਆਂ 12 ਕੰਪਨੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਪੂਰੇ ਪੁਲਿਸ ਮਹਿਕਮੇ ਦੀ ਸਿਰ-ਤੋੜ ਕੋਸ਼ਿਸ਼ ਹੈ ਕਿ ਚੋਣਾਂ ਨੂੰ ਨਿਰਵਿਘਨ ਢੰਗ ਨਾਲ ਸਿਰੇ ਚਾੜ੍ਹਿਆ ਜਾ ਸਕੇ।