ਜ਼ਿਲ੍ਹਾ ਪ੍ਰਸ਼ਾਸਨ ਦੀ ਮਿਹਨਤ ਰੰਗ ਲਿਆਈ, ਰਾਵੀ ਦਰਿਆ ਪਾਰ ਦੇ ਸੱਤ ਪਿੰਡਾਂ ਦੇ ਲੋਕ ਹਨ ਵੋਟਾਂ ਨੂੰ ਲੈ ਕੇ ਉਤਸਾਹਿਤ
ਰੋਹਿਤ ਗੁਪਤਾ
ਗੁਰਦਾਸਪੁਰ 31 ਮਈ 2024 - ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਰਾਵੀ ਦਰਿਆ ਮਕੌੜਾ ਪੱਤਣ ਤੋਂ ਪਾਰਲੇ ਪਾਸੇ ਵੱਸੇ ਸੱਤ ਪਿੰਡਾਂ 'ਚ ਇਸ ਵਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਦਾ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਡੱਟ ਕੇ ਚੋਣਾਂ ਦਾ ਬਾਈਕਾਟ ਕੀਤਾ ਗਿਆ ਸੀ, ਜਿਸ ਕਾਰਨ ਪ੍ਰਸ਼ਾਸਨ ਦੀ ਕਾਫੀ ਦਖਲਅੰਦਾਜ਼ੀ ਕਰਨ ਤੋਂ ਬਾਅਦ ਸਿਰਫ 1-2 ਫੀਸਦੀ ਵੋਟਿੰਗ ਹੋਈ ਸੀ, ਕਿਉਂਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਇਹ ਏਕਾ ਕੀਤਾ ਗਿਆ ਸੀ ਕਿ ਸਾਡੇ ਰਾਵੀ ਦਰਿਆ 'ਤੇ ਪੱਕਾ ਪੁਲ ਕਿਸੇ ਵੀ ਸਰਕਾਰ ਵੱਲੋਂ ਨਹੀਂ ਬਣਾਇਆ ਜਾ ਰਿਹਾ। ਇਥੋਂ ਦੇ ਲੋਕਾਂ ਵੱਲੋਂ ਉਸ ਸਮੇਂ ਕਿਸੇ ਵੀ ਪਾਰਟੀ ਦੇ ਸਿਆਸੀ ਆਗੂ ਅਤੇ ਲੀਡਰ ਨੂੰ ਆਪਣੇ ਪਿੰਡਾਂ 'ਚ ਚੋਣ ਪ੍ਰਚਾਰ ਲਈ ਨਹੀਂ ਸੀ ਆਉਣ ਦਿੱਤਾ।
ਇਸ ਵਾਰ ਹਰ ਪਾਰਟੀ ਦੇ ਲੀਡਰਾਂ ਵੱਲੋਂ ਰਾਵੀ ਪਾਰ ਦੇ ਪਿੰਡਾਂ ਵਿੱਚ ਖੁੱਲ੍ਹ ਕੇ ਚੋਣ ਪ੍ਰਚਾਰ ਅਤੇ ਰੈਲੀਆਂ ਕੀਤੀਆਂ ਗਈਆਂ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲੋਕਾਂ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਵਿੱਚ ਇਨਾ ਏਕਾ ਹੈ ਕਿ ਜੇਕਰ ਕਿਸੇ ਪਾਰਟੀ ਨੂੰ ਆਧਾਰ ਬਣਾ ਕੇ ਵੋਟ ਪਾਉਂਦੇ ਹਨ ਤਾਂ ਦੀਨਾਨਗਰ ਹਲਕੇ 'ਚ ਵੱਖ-ਵੱਖ ਸਿਆਸੀ ਪਾਰਟੀਆਂ 'ਚੋਂ ਉਸ ਪਾਰਟੀ ਦਾ ਸਮੀਕਰਨ ਬਦਲ ਸਕਦਾ ਹੈ।
ਇਸ ਵਾਰ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਪਹਿਲਾਂ ਤੋਂ ਹੀ ਵੋਟਾਂ ਸਬੰਧੀ ਜਾਗਰੂਕ ਕਰਨ ਲਈ ਕੈਂਪਾਂ ਦਾ ਆਯੋਜਨ ਕੀਤਾ ਗਿਆ ਸੀ, ਉਪਰੰਤ ਲੋਕਾਂ ਵੱਲੋਂ ਲੋਕ ਸਭਾ ਚੋਣਾਂ 'ਚ ਕਾਫੀ ਉਤਸ਼ਾਹ ਵਿਖਾਇਆ ਗਿਆ, ਜਿਸ ਤੋਂ ਬਾਅਦ ਹਰ ਸਿਆਸੀ ਪਾਰਟੀ ਵੱਲੋਂ ਆਪਣੇ ਉੱਚ ਲੀਡਰਾਂ ਨਾਲ ਇਨ੍ਹਾਂ ਪਿੰਡਾਂ ਵਿਚ ਰੈਲੀਆਂ ਕੀਤੀਆਂ ਗਈਆਂ ਹਨ।
ਇਸ ਸਰਹੱਦੀ ਇਲਾਕੇ 'ਚ ਹਰ ਪਾਰਟੀ ਵੱਲੋਂ ਆਪਣੀ ਮਜ਼ਬੂਤੀ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਜਦੋਂ ਰਾਵੀ ਦਰਿਆ ਪਾਰ ਦੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਵੋਟਾਂ ਤਾਂ ਜਰੂਰ ਪਾਉਗੇ ਪਰ ਕਿਸ ਨੂੰ ਪਾਉਣਗੇ ਇਹ ਨਹੀਂ ਦੱਸਣਗੇ। ਜਾਹਰ ਤੌਰ ਤੇ ਇਹ ਲੋਕ ਵੋਟ ਪ੍ਰਤੀਸ਼ਤ ਦਾ ਵਧਾਉਣਗੇ ਹੀ ਨਾਲ ਹੀ ਆਪਣੇ ਪਸੰਦੀਦਾ ਲੋਕ ਸਭਾ ਉਮੀਦਵਾਰ ਨੂੰ ਜਿੱਤਾਉਣ ਵਿੱਚ ਵੀ ਹ ਹਮ ਰੋਲ ਨਿਭਾਉਣਗੇ।