ਜਲੰਧਰ ਦੇ ਵਸਨੀਕ ਇਸ ਵਾਰ ਭਾਜਪਾ ਦਾ ਉਮੀਦਵਾਰ ਚੁਣਕੇ ਇਲਾਕੇ ਦੇ ਵਿਕਾਸ ਨੂੰ ਬਣਾਉਣਗੇ ਯਕੀਨੀ - ਜੈ ਇੰਦਰ ਕੌਰ
ਜੀ ਐਸ ਪੰਨੂੰ
ਪਟਿਆਲਾ, 23 ਅਪ੍ਰੈਲ,2023 - ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜੈ ਇੰਦਰ ਕੌਰ ਨੇ ਅੱਜ ਭਾਜਪਾ ਦੇ ਜਨ ਸੰਪਰਕ ਮੁਹਿੰਮ ਤਹਿਤ ਜਲੰਧਰ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ।
ਜਲੰਧਰ ਦੇ ਪਿੰਡ ਕੀਂਗਰਾ ਚੋਵਾਲਾ, ਦਰਾਵਾ ਅਤੇ ਲੋਹਾਰਾ ਵਿਖੇ ਜਾਕੇ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਚਲਾਈ ਜਾ ਰਹੀ ਲੋਕ ਭਲਾਈ ਦੀਆ ਸਕੀਮਾਂ ਬਾਰੇ ਜੈ ਇੰਦਰ ਕੌਰ ਨੇ ਪਿੰਡ ਦੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਜਲੰਧਰ ਤੋਂ ਜ਼ਿਮਨੀ ਚੋਣਾਂ ਲਈ ਭਾਜਪਾ ਦੇ ਉਮੀਦਵਾਰ ਇਕਬਾਲ ਸਿੰਘ ਅਟਵਾਲ ਨੂੰ ਵੋਟ ਪਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ।
ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ, "ਭਾਜਪਾ ਦੇਸ਼ ਦੀ ਇੱਕੋ ਇੱਕ ਵਿਕਾਸ ਪੱਖੀ ਪਾਰਟੀ ਹੈ ਅਤੇ ਜਿਥੇ ਵੀ ਭਾਜਪਾ ਦੀ ਸਰਕਾਰ ਹੈ ਉਨ੍ਹਾਂ ਰਾਜਾਂ ਵਿੱਚ ਸਮੁੱਚਾ ਵਿਕਾਸ ਹੋਇਆ ਹੈ। ਭਾਜਪਾ ਦੀ ਕੇਂਦਰ ਸਰਕਾਰ ਦੇਸ਼ ਦੇ ਹਰ ਵਰਗ ਲਈ ਲੋਕ ਭਲਾਈ ਸਕੀਮਾਂ ਚਲਾ ਰਹੀ ਹੈ, ਚਾਹੇ ਉਹ ਕਿਸਾਨ ਹੋਣ, ਚਾਹੇ ਨੌਜਵਾਨ ਯਾਂ ਫ਼ੇਰ ਪਿਛੜੀ ਜਾਤੀ ਦੇ ਲੋਕ ਤਾ ਸਾਡੀ ਸਰਕਾਰ ਬਿਨਾਂ ਕਿਸੇ ਭੇਦ ਭਾਵ ਤੋਂ ਹਰ ਵਰਗ ਦੇ ਵਿਕਾਸ ਕਈ ਕੰਮ ਕਰ ਰਹੀ ਹੈ।"
ਜੈ ਇੰਦਰ ਕੌਰ ਨੇ ਅੱਗੇ ਕਿਹਾ, "ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਲੀਯਤ ਤਾਂ ਸਾਹਮਣੇ ਬਹੁਤ ਹੀ ਘਟ ਸਮੇਂ ਵਿੱਚ ਲੋਕਾਂ ਸਾਹਮਣੇ ਆ ਚੁੱਕੀ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ ਅਤੇ ਕੋਈ ਵੀ ਵਪਾਰੀ ਰਾਜ ਵਿੱਚ ਨਿਵੇਸ਼ ਕਰਨ ਨੂੰ ਤਿਆਰ ਨਹੀਂ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਝੂਠੀ ਇਸ਼ਤਿਹਾਰਬਾਜ਼ੀ ਅਤੇ ਲਾਰਿਆਂ ਦੀ ਸਰਕਾਰ ਹੈ, ਜਦਕਿ ਪੰਜਾਬ ਨੂੰ ਇਸ ਸਮੇਂ ਇਕ ਮਜ਼ਬੂਤ ਸਰਕਾਰ ਦੀ ਲੋੜ ਸੀ।"
ਭਾਜਪਾ ਆਗੂ ਨੇ ਅੱਗੇ ਕਿਹਾ, "ਮੈਨੂੰ ਯਕੀਨ ਹੈ ਕਿ ਇਕਬਾਲ ਸਿੰਘ ਅਟਵਾਲ ਦੀ ਜਲੰਧਰ ਤੋਂ ਜਿੱਤ ਅਗਲੇ ਸਾਲ ਆਉਣ ਵਾਲੀ ਲੋਕ ਸਭਾ ਚੋਣਾ ਵਿੱਚ ਭਾਜਪਾ ਦੇ ਪੰਜਾਬ ਵਿੱਚ ਚੰਗੇ ਨਤੀਜੇ ਦਾ ਇਕ ਸੰਕੇਤ ਹੋਵੇਗੀ। ਜਦ ਸੰਸਦ ਵਿੱਚ ਪੰਜਾਬ ਦੇ ਸਹੀ ਨੁਮਾਇੰਦੇ ਜਾਣਗੇ ਤਾਂਹੀ ਉਹ ਕੇਂਦਰ ਨਾਲ ਰਾਬਤਾ ਬਣਾਕੇ ਪੰਜਾਬ ਦੇ ਵਿਕਾਸ ਲਈ ਕੰਮ ਕਰਵਾ ਸਕਣਗੇ।"
ਇਸ ਮੌਕੇ ਜੈ ਇੰਦਰ ਕੌਰ ਨਾਲ ਦੀਦਾਰ ਸਿੰਘ ਭੱਟੀ, ਹਰੀਸ਼ ਕੁਮਾਰ, ਗੁਰਬਖਸ਼ ਸਿੰਘ, ਕੁਲਦੀਪ ਸਿੰਘ ਸਹੋਤਾ, ਰਜਿੰਦਰ ਪਾਲ ਸੋਹਤਾ, ਇੰਦਰਜੀਤ ਸਹੋਤਾ, ਨਰਿੰਦਰ ਸ਼ਰਮਾ, ਨਰਿੰਦਰ ਕੁਮਾਰ ਅਤੇ ਹੋਰ ਸਾਰੇ ਸੀਨੀਅਰ ਆਗੂ ਹਾਜ਼ਰ ਸਨ।