ਜਲੰਧਰ ਲੋਕ ਸਭਾ ਸੀਟ ਆਮ ਪਾਰਟੀ ਇਤਿਹਾਸਕ ਜਿੱਤ ਦਰਜ ਕਰ ਕੇ ਆਉਣ ਵਾਲੀਆਂ ਲੋਕਸਭਾ ਚੋਣਾਂ ਦੀ ਜਿੱਤ ਦਾ ਨੀਂਹ ਪੱਥਰ ਰੱਖੇਗੀ:ਬਲਤੇਜ ਪੰਨੂ
ਜੀ ਐਸ ਪੰਨੂ
ਪਟਿਆਲਾ, 26ਅਪ੍ਰੈਲ,2023: ਆਮ ਆਦਮੀ ਪਾਰਟੀ ਵਿਧਾਨਸਭਾ ਚੋਣਾਂ ਦੀ ਤਰ੍ਹਾਂ ਜਲੰਧਰ ਜਿਮਨੀ ਚੋਣ ਵੀ ਵੱਡੇ ਫਰਕ ਨਾਲ ਜਿੱਤੇਗੀ। ਪਾਰਟੀ ਦੇ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਇਸ ਵਕਤ ਕਾਫੀ ਮਜ਼ਬੂਤ ਸਥਿਤੀ ਵਿੱਚ ਚਲ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਨੇ ਜਲੰਧਰ ਜਿਮਨੀ ਚੋਣ ਸੰਬੰਧੀ ਮੁਲਾਕਾਤ ਕਰਨ ਆਏ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ ਅਤੇ ਕੇ.ਕੇ. ਸਹਿਗਲ ਨਾਲ ਵਿਚਾਰ ਚਰਚਾ ਦੌਰਾਨ ਕੀਤਾ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਨੇ ਪਾਰਟੀ ਦੇ ਦੋਹਾਂ ਸੀਨੀਅਰ ਆਗੂਆਂ ਸੰਦੀਪ ਬੰਧੂ ਅਤੇ ਕੇ.ਕੇ. ਸਹਿਗਲ ਦੀ ਜਲੰਧਰ ਜਿਮਨੀ ਚੋਣ ਲਈ ਅਹਿਮ ਡਿਊਟੀ ਵੀ ਲਗਾਈ ਅਤੇ ਤਕੜੇ ਹੋ ਕੇ ਕੰਮ ਕਰਨ ਦਾ ਥਾਪੜਾ ਦਿੱਤਾ। ਜਲੰਧਰ ਜਿਮਨੀ ਚੋਣ ਲਈ ਪਟਿਆਲਾ ਸ਼ਹਿਰ ਵਿੱਚੋਂ ਪਾਰਟੀ ਦੇ ਪੁਰਾਣੇ ਅਤੇ ਵਫਾਦਾਰ ਵਰਕਰਾਂ ਦਾ ਇਕ ਵੱਡਾ ਜੱਥਾ ਬਲਤੇਜ ਪੰਨੂੰ ਦੀ ਅਗਵਾਈ ਵਿੱਚ ਚੋਣ ਪ੍ਰਚਾਰ ਕਰਨ ਲਈ ਜਲੰਧਰ ਵੀ ਜਾਏਗਾ।
ਬਲਤੇਜ ਪੰਨੂੰ ਨੇ ਕਿਹਾ ਕਿ ਜਲੰਧਰ ਲੋਕ ਸਭਾ ਸੀਟ ਤੇ ਹੋਣ ਜਾ ਰਹੀ ਜਿਮਨੀ ਚੌਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੁਸ਼ੀਲ ਰਿੰਕੂ ਵੱਲੋਂ ਇਤਿਹਾਸਕ ਜਿੱਤ ਦਰਜ ਕਰ ਆਉਣ ਵਾਲੀਆਂ 2024 ਲੋਕਸਭਾ ਚੋਣਾਂ ਦੀ ਜਿੱਤ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਪਿਛਲੇ ਇਕ ਸਾਲ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਖੁਸ਼ਹਾਲੀ ਅਤੇ ਉੱਨਤੀ ਵੱਲੋਂ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪੰਜਾਬ ਦੇ ਲੋਕਾਂ ਲਈ ਵੱਡੇ ਫ਼ੈਸਲੇ ਕਰ ਰਹੇ ਹਨ। ਜੋ ਕੰਮ ਭਗਵੰਤ ਮਾਨ ਨੇ ਇਕ ਸਾਲ ਦੌਰਾਨ ਕਰ ਦਿੱਤੇ ਹਨ,ਉਹ ਪਿਛਲੇ ਸਰਕਾਰਾਂ ਦੇ ਕਾਰਜਕਾਲ ਦੌਰਾਨ ਕਦੀ ਵੀ ਨਹੀਂ ਹੋਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਪੁਰਾਣੀ ਰਿਵਾਇਤੀ ਪਾਰਟੀਆਂ ਦੇ ਝੂਠੇ ਵਾਅਦਿਆਂ ਤੋਂ ਬੇਹੱਦ ਪਰੇਸ਼ਾਨ ਹੋ ਚੁੱਕੇ ਸਨ, ਜਿਸ 'ਤੇ ਉਨ੍ਹਾਂ ਵੱਲੋਂ ਬੀਤੇ ਪੰਜਾਬ ਵਿਧਾਨਸਭਾ ਚੌਣਾਂ 'ਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦੇ ਕੇ ਰਵਾਇਤੀ ਪਾਰਟੀਆਂ ਨੂੰ ਸੱਚ ਦਾ ਸ਼ੀਸ਼ਾ ਵਿਖਾਇਆ ਗਿਆ ਸੀ, ਪੰਜਾਬ ਚੋਣਾਂ ’ਚ ਹੋਈ ਵੱਡੀ ਜਿੱਤ ਦੇ ਨਾਲ ਨਾਲ ਇਕ ਸਾਲ ਵਿੱਚ ਸਰਕਾਰ ਦੇ ਕੀਤੇ ਕੰਮਾਂ ਅਤੇ ਫ਼ੈਸਲਿਆਂ ਦਾ ਵੀ ਜਲੰਧਰ ਜਿਮਨੀ ਚੋਣ ਵਿੱਚ ਪਾਰਟੀ ਨੂੰ ਵੱਡਾ ਲਾਭ ਮਿਲੇਗਾ। ਇਸ ਲਈ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਜਲੰਧਰ ਜਿਮਨੀ ਚੋਣ ਵਿੱਚ ਵੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਅਤੇ ਲੋਕ ਸਭਾ ਵਿੱਚ ਆਪਣਾ ਨੁਮਾਇੰਦਾ ਫੇਰ ਦੁਬਾਰਾ ਭੇਜੇਗੀ।
ਇਸ ਮੌਕੇ ਦੋਹਾਂ ਸੀਨੀਅਰ ਆਗੂਆਂ ਨੇ ਮੁਲਾਕਾਤ ਲਈ ਸਮੇਂ ਦੇਣ ਲਈ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਦਾ ਧੰਨਵਾਦ ਵੀ ਕੀਤਾ।