ਕਾਂਗਰਸੀ ਆਗੂ ਰਾਣਾ ਗੁਰਜੀਤ ਦੇ ਭਤੀਜੇ ਹਰਦੀਪ ਸਿੰਘ ਰਾਣਾ ਸਮੇਤ ਕਾਂਗਰਸ ਦੇ ਕਈ ਅਹੁਦੇਦਾਰ, ਕੌਂਸਲਰ ਹੋਏ 'ਆਪ ਵਿੱਚ ਸ਼ਾਮਿਲ
- ਮੁੱਖ-ਮੰਤਰੀ ਭਗਵੰਤ ਮਾਨ ਨੇ ਕਰਵਾਇਆ ਸ਼ਾਮਿਲ ਅਤੇ ਕੀਤਾ ਸਵਾਗਤ
- "ਜਲੰਧਰ ਵਿੱਚੋਂ ਕਾਂਗਰਸ ਦਾ ਬਚਿਆ-ਖੁਚਿਆ ਆਧਾਰ ਵੀ ਅੱਜ ਖ਼ਤਮ ਹੋ ਗਿਆ"- ਭਗਵੰਤ ਮਾਨ
ਜਲੰਧਰ, 28 ਅਪ੍ਰੈਲ 2023 - ਜਲੰਧਰ ਵਿਖੇ ਆਉਂਦੇ ਦਿਨਾਂ ਵਿੱਚ ਹੋਣ ਜਾ ਰਹੀ ਲੋਕ-ਸਭਾ ਜ਼ਿਮਨੀ ਚੋਣ ਕਾਂਗਰਸ ਲਈ ਗਲ਼ੇ ਦੀ ਹੱਡੀ ਬਣਦੀ ਜਾ ਰਹੀ ਹੈ। ਅੱਜ ਫ਼ਿਰ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਉਨ੍ਹਾਂ ਦੇ ਕਈ ਅਹੁਦੇਦਾਰਾਂ, ਕੌਂਸਲਰਾਂ ਦੇ ਨਾਲ-ਨਾਲ ਕਾਂਗਰਸ ਦੇ ਕੱਦਾਵਰ ਆਗੂ ਰਾਣਾ ਗੁਰਜੀਤ ਦੇ ਭਤੀਜੇ ਹਰਦੀਪ ਸਿੰਘ ਰਾਣਾ ਵੀ ਆਪਣੇ ਸੈਂਕੜੇ ਸਾਥੀਆਂ ਸਮੇਤ ਮੁੱਖ-ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ 'ਆਪ ਪਰਿਵਾਰ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਸ.ਮਾਨ ਤੋਂ ਇਲਾਵਾ 'ਆਪ ਪੰਜਾਬ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ, ਜਲੰਧਰ ਤੋਂ ਪਾਰਟੀ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਵੀ ਸਵਾਗਤ ਲਈ ਮੌਜੂਦ ਸਨ।
ਇਸ ਮੌਕੇ ਸ਼ਾਮਿਲ ਹੋਏ ਸਮੂਹ ਆਗੂਆਂ ਦਾ 'ਆਪ ਪਰਿਵਾਰ ਵਿੱਚ ਸਵਾਗਤ ਕਰਦਿਆਂ ਮੁੱਖ-ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਜਲੰਧਰ ਵਿੱਚ ਕਾਂਗਰਸ ਦਾ ਬਚਿਆ-ਖੁਚਿਆ ਆਧਾਰ ਵੀ ਹਰਦੀਪ ਸਿੰਘ ਰਾਣਾ ਅਤੇ ਬਾਕੀਆਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਕੋਈ 'ਆਪ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਖੁਸ਼ ਹੈ ਅਤੇ ਜਲਦ ਹੀ ਜਲੰਧਰ ਵਾਸੀ ਲੋਕ-ਸਭਾ ਵਿੱਚ ਸ਼ੁਸ਼ੀਲ ਕੁਮਾਰ ਰਿੰਕੂ ਦੇ ਰੂਪ ਵਿੱਚ ਆਪਣੀ ਆਵਾਜ਼ ਸੁਣਨਗੇ।
ਜ਼ਿਕਰਯੋਗ ਹੈ ਕਿ ਹਰਦੀਪ ਰਾਣਾ ਇਲਾਕੇ ਦੇ ਅਗਾਂਹਵਧੂ ਕਿਸਾਨ ਹਨ। ਇਨ੍ਹਾਂ ਦੇ ਪਿਤਾ ਰਾਣਾ ਮਹਿੰਦਰਜੀਤ ਵੀ ਇੱਕ ਸਫ਼ਲ ਸਿਆਸਤਦਾਨ ਸਨ। ਹਰਦੀਪ ਰਾਣਾ ਨੇ ਵੀ ਆਗੂ ਦੇ ਤੌਰ ਤੇ ਉਨ੍ਹਾਂ ਆਪਣੇ ਚਾਚਾ ਰਾਣਾ ਗੁਰਜੀਤ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚਾੜ੍ਹਨ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਐਨਾ ਹੀ ਨਹੀਂ ਸ਼ਾਹਕੋਟ ਕਾਂਗਰਸ ਵਰਕਿੰਗ ਕਮੇਟੀ ਦਾ ਹਿੱਸਾ ਰਹੇ ਹਰਦੀਪ ਰਾਣਾ ਨੇ ਪਿਛਲੀਆਂ ਚਾਰ ਲੋਕ ਸਭਾ ਚੋਣਾਂ ਦੌਰਾਨ ਵੀ ਅਣਥੱਕ ਮਿਹਨਤ ਕੀਤੀ। ਇਲਾਕੇ ਦੇ ਲੋਕਾਂ ਵਿੱਚ ਸਤਿਕਾਰ ਅਤੇ ਇਮਾਨਦਾਰੀ ਹੀ ਇਨ੍ਹਾਂ ਦੀ ਪਛਾਣ ਹੈ।
ਉਪਰੋਕਤ ਆਗੂਆਂ ਤੋਂ ਇਲਾਵਾਂ ਕਾਂਗਰਸ ਨੂੰ ਅਲਵਿਦਾ ਆਖ 'ਆਪ ਦਾ ਪੱਲਾ ਫੜ੍ਹਨ ਵਾਲਿਆਂ ਵਿੱਚ ਪ੍ਰਵੀਨ ਗਰੋਵਰ (ਸ਼ਹਿਰੀ ਪ੍ਰਧਾਨ ਸ਼ਾਹਕੋਟ ਕਾਂਗਰਸ), ਰਾਜ ਕੁਮਾਰ ਰਾਜੂ (MC), ਹਰਦੇਵ ਸਿੰਘ (ਬਲਾਕ ਪ੍ਰਧਾਨ ਸ਼ਾਹਕੋਟ), ਸ਼ਤੀਸ਼ ਰਿਹਾਨ (ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ), ਪੁਨੀਤ ਰਿਹਾਨ (EX ਪੀਏ ਅੰਬਿਕਾ ਸੋਨੀ), ਸੁਖਰਾਜ ਸਿੰਘ (ਸਰਪੰਚ ਅਤੇ ਬਲਾਕ ਸੰਮਤੀ ਮੈਂਬਰ), ਸੁੱਖਾ ਢੇਸੀ (ਸਾਬਕਾ ਉੱਪ ਪ੍ਰਧਾਨ ਯੂਥ ਕਾਂਗਰਸ), ਨਾਜਰ ਸਿੰਘ (ਸਾਬਕਾ ਸਰਪੰਚ ਕਾਕੜਾ), ਕਰਮਜੀਤ ਸਿੰਘ (ਸਰਪੰਚ ਰਾਮਪੁਰ), ਪ੍ਰਕਾਸ਼ ਸਿੰਘ (ਪ੍ਰਧਾਨ ਬਾਜ਼ੀਗਰ ਸਭਾ ਸ਼ਾਹਕੋਟ), ਲਵਪ੍ਰੀਤ ਸਿੰਘ (ਬਲਾਕ ਪ੍ਰਧਾਨ ਯੂਥ ਕਾਂਗਰਸ), ਸੁਬੇਗ ਸਿੰਘ ਪੰਨੂ (ਸਾਬਕਾ ਸੀਆਈਡੀ ਇੰਸਪੈਕਟਰ), ਰਵੀ ਸ਼ੇਰ ਸਿੰਘ (ਸੈਕਟਰੀ ਜ਼ਿਲ੍ਹਾ ਕਾਂਗਰਸ), ਹਰਦੇਵ ਸਿੰਘ, ਵਰਿੰਦਰ ਨਾਹਰ (ਵਾਇਸ ਪ੍ਰਧਾਨ), ਸੁਰਿੰਦਰ ਸਿੰਘ ਸਾਭੀ, ਮਨਜੀਤ ਸਿੰਘ, ਰਾਜ ਕੁਮਾਰ, ਪ੍ਰਦੀਪ ਸ਼ਰਮਾ, ਚੰਦਰ ਸ਼ੇਖ਼ਰ ਕਪਿਲਾ (ਕਾਂਗਰਸ ਆਗੂ), ਲਕਸ਼ਏ ਕਪਿਲਾ (ਵਿਦਿਆਰਥੀ ਆਗੂ), ਸੰਜੀਵ ਕਪਿਲਾ (ਸੀਨੀਅਰ ਸਥਾਨਕ ਕਾਂਗਰਸੀ ਆਗੂ), ਜਸਵੀਰ ਸਿੰਘ ਬਿੱਟੂ ਵਡਾਲਾ, ਰਾਜੇਸ਼ ਪਦਮ ਸਮੇਤ ਦਰਜਨਾਂ ਹੋਰ ਕਾਂਗਰਸੀ ਆਗੂ ਅਤੇ ਆਮ ਵਰਕਰ ਸ਼ਾਮਿਲ ਹਨ।