ਲੱਖ ਟਕੇ ਦਾ ਸਵਾਲ :ਸਿਆਸੀ ਝਾੜੂ ਕਿਸ ਨੂੰ ਫੜ੍ਹਾਉਣਗੇ ਜਲੰਧਰ ਦੇ ਲੋਕ
ਅਸ਼ੋਕ ਵਰਮਾ
ਬਠਿੰਡਾ, 08 ਮਈ 2023: ਸਿਰਫ ਲੋਕ ਸਭਾ ਹਲਕੇ ਜਲੰਧਰ ਵਿੱਚ ਹੀ ਨਹੀਂ ਬਲਕਿ ਪੰਜਾਬ ਦੇ ਹਰ ਗਲੀ ਮੁਹੱਲੇ ਵਿੱਚ ਇੱਕੋ ਹੀ ਸੁਆਲ ਹੈ , ਜਿਮਨੀ ਚੋਣ ਚੋਂ ਕੌਣ ਜਿੱਤੂ ਅਤੇ ਹਵਾ ਦਾ ਰੁਖ ਕੀਹਦੇ ਵੱਲ ਹੈ। ਜਲੰਧਰ ਜ਼ਿਮਨੀ ਚੋਣ ਲਈ ਅੱਜ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ। ਹੁਣ ਅਗਲੇ ਦੋ ਦਿਨ ਉਮੀਦਵਾਰ ਘਰ-ਘਰ ਜਾ ਕੇ ਵੋਟਾਂ ਮੰਗ ਸਕਦੇ ਹਨ।
ਕਾਂਗਰਸ ਦੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਦਿਹਾਂਤ ਕਾਰਨ ਜ਼ਿਮਨੀ ਚੋਣ ਕਰਾਈ ਜਾ ਰਹੀ ਹੈ। ਲੋਕ ਸਭਾ ਹਲਕਾ ਜਲੰਧਰ ਦੁਆਬੇ ਵਿੱਚ ਪੈਂਦਾ ਹੈ ਜਿੱਥੋਂ ਦੇ ਵੱਡੀ ਗਿਣਤੀ ਲੋਕ ਵਿਦੇਸ਼ਾਂ ਵਿਚ ਵਸੇ ਹੋਏ ਹਨ ਫਿਰ ਵੀ ਹਰੇਕ ਚੋਣ ਦੌਰਾਨ ਉਨ੍ਹਾਂ ਦੀ ਭੂਮਿਕਾ ਅਹਿਮ ਰਹਿੰਦੀ ਹੈ।
ਜਿਮਨੀ ਚੋਣ ਲਈ 19 ਉਮੀਦਵਾਰ ਮੈਦਾਨ ਵਿੱਚ ਹਨ ਅਤੇ 10ਮਈ ਨੂੰ ਵੋਟਾਂ ਪੈਣਗੀਆਂ ਜਿਨ੍ਹਾਂ ਦੀ ਗਿਣਤੀ 13 ਮਈ ਨੂੰ ਕਰਵਾਈ ਜਾਣੀ ਹੈ । ਅੱਜ ਖੁੱਲ੍ਹੇਆਮ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਟੱਕਰ ਸਖਤ ਹੈ ਜਿਸ ਨੂੰ ਦੇਖਦਿਆਂ ਸਮੂਹ ਸਿਆਸੀ ਧਿਰਾਂ ਨੇ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ। ਚਾਰ ਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੋਂ ਇਲਾਵਾ ਵੱਖ-ਵੱਖ ਸਿਆਸੀ ਧਿਰਾਂ ਦੇ ਉਮੀਦਵਾਰ ਆਜ਼ਾਦ ਵੀ ਚੋਣ ਮੈਦਾਨ ਵਿੱਚ ਹਨ ਜੋ ਜਿੱਤ ਲਈ ਪੂਰਾ ਜ਼ੋਰ ਲਾ ਰਹੇ ਹਨ। ਜਲੰਧਰ ਸੰਸਦੀ ਹਲਕੇ ’ਚ ਨੌ ਵਿਧਾਨ ਸਭਾ ਹਲਕੇ ਹਨ ਜਿੰਨ੍ਹਾਂ ਵਿਚੋਂ ਪੰਜ ਹਲਕਿਆਂ ਚ ਕਾਂਗਰਸ ਅਤੇ 4 ਵਿੱਚ ਆਮ ਆਦਮੀ ਪਾਰਟੀ ਜੇਤੂ ਰਹੀ ਸੀ।
ਸੱਤਾਧਾਰੀ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦਾ ‘ਸਿਆਸੀ ਝਾੜੂ’ ਭੰਵਰ ’ਚ ਫਸਿਆ ਲੱਗਦਾ ਹੈ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਇਹ ਚੋਣ ਮੁੱਛ ਦਾ ਸਵਾਲ ਬਣੀ ਹੋਈ ਹੈ। ਕੇਂਦਰ ਵਿਚ ਸੱਤਾ ਹੋਣ ਦੇ ਬਾਵਜੂਦ ਭਾਜਪਾ ਨੂੰ ਵੀ ਧੜਕੂ ਲੱਗਾ ਹੋਇਆ ਹੈ । ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਦੇ ਬੋਲ ਲੋਕਾਂ ਨੂੰ ਟੰਬਦੇ ਹਨ ਜਿਸ ਤੋਂ ਵਿਰੋਧੀਆਂ ’ਚ ਡਰ ਬਣਿਆ ਹੈ। ਮਹੱਤਵਪੂਰਣ ਤੱਥ ਇਹ ਵੀ ਹੈ ਕਿ ਔਰਤ ਹੋਣ ਕਾਰਨ ਪਿੰਡਾਂ ਦੀਆਂ ਤ੍ਰੀਮਤਾਂ ਬੀਬੀ ਕਰਮਜੀਤ ਕੌਰ ਨੂੰ ਵੋਟਾਂ ਪਾਉਣ ਦਾ ਭਰੋਸਾ ਦਿੰਦਿਆਂ ਹਨ। ਵੱਡੇ-ਵੱਡੇ ਘਾਗ ਲੀਡਰਾਂ ਨੇ ਉਨ੍ਹਾਂ ਦੇ ਹੱਕ ਵਿੱਚ ਦਿਨ ਰਾਤ ਇੱਕ ਕੀਤਾ ਹੋਇਆ ਹੈ।
ਪਿੱਛੇ ਜਿਹੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਰਚਾ ਸੰਭਾਲਿਆ ਹੈ। ਬਾਕੀ ਸਿਆਸੀ ਧਿਰਾਂ ਦੇ ਸਰਗਰਮ ਚੋਣ ਪ੍ਰਚਾਰ ਨੇ ‘ਆਪ’ ਨੂੰ ਧੱਕਾ ਲਾਇਆ ਸੀ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਨੇ ਮਾਹੌਲ ਨੂੰ ਮੋੜਾ ਦਿੱਤਾ ਜਾਪਦਾ ਹੈ। ਭਗਵੰਤ ਮਾਨ ਦਾ ‘ਸਿਆਸੀ ਵਜ਼ਨ’ ਬਾਕੀਆਂ ’ਤੇ ਕਿੰਨਾ ਕੁ ਭਾਰੀ ਪੈਂਦਾ ਹੈ, ਇਸ ਤੇ ਵੀ ਕਾਫ਼ੀ ਕੁਝ ਨਿਰਭਰ ਕਰੇਗਾ। ਕਈ ਸੀਨੀਅਰ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਭਗਵੰਤ ਮਾਨ ਦੇ ਅੰਤਮ ਦੌਰ ’ਚ ਦਿਖਾਏ ਪਰਚਾਰ ਦੇ ਜਲਵੇ ਅਤੇ ਕੇਜਰਵਾਲ ਦੇ ਭਲਵਾਨੀ ਗੇੜੇ ਕਾਰਨ ਹੁਣ ਝਾੜੂ ਦਾ ਹੱਥ ਉੱਪਰ ਹੋ ਗਿਆ ਹੈ।
ਅਕਾਲੀ ਦਲ ਦਾ ਉਮੀਦਵਾਰ ਸੁਖਵਿੰਦਰ ਕੁਮਾਰ ਵਿਧਾਇਕ ਵੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਫ਼ੀ ਸਿਆਸੀ ਗਿਣਤੀਆਂ-ਮਿਣਤੀਆਂ ਤੋਂ ਬਾਅਦ ਸੁਖਵਿੰਦਰ ਕੁਮਾਰ ਤੇ ਦਾਅ ਲਾਇਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੁਖਬੀਰ ਬਾਦਲ ਤੇ ਆ ਗਈ ਹੈ। ਉਂਝ ਵੀ ਅਕਾਲੀ ਦਲ ਸਟਾਰ ਪ੍ਰਚਾਰਕਾਂ ਦੀ ਕਾਫੀ ਘਾਟ ਨਾਲ ਜੂਝ ਰਿਹਾ ਹੈ। ਅੱਜ ਕੱਲ੍ਹ ਅਕਾਲੀ ਦਲ ਦੇ ਸਿਤਾਰੇ ਵੀ ਗਰਦਿਸ਼ ਵਿਚ ਚੱਲ ਰਹੇ ਹਨ। ਜੇਕਰ ਜਲੰਧਰ ਦਾ ਚੋਣ ਮੈਦਾਨ ਅਕਾਲੀ ਦਲ ਮਾਰ ਲੈਂਦਾ ਹੈ ਤਾਂ ਇਸ ਨਾਲ ਸੁਖਬੀਰ ਬਾਦਲ ਅਤੇ ਪਾਰਟੀ ਦੋਵੇਂ ਵਾਪਸੀ ਕਰਨ ਸਕਦੇ ਹਨ।
ਇਸੇ ਤਰ੍ਹਾਂ ਹੀ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਇਕਬਾਲ ਇੰਦਰ ਸਿੰਘ ਅਟਵਾਲ ਮੂਲ ਰੂਪ ਵਿੱਚ ਅਕਾਲੀ ਸੀ ਪਰ ਪਾਰਟੀ ਨੂੰ ਅਲਵਿਦਾ ਆਖ ਕੇ ਬੀਜੇਪੀ ਚ ਸ਼ਾਮਲ ਹੋ ਗਿਆ ਸੀ। ਭਾਜਪਾ ਆਗੂ ਆਖਦੇ ਹਨ ਕਿ ਜਲੰਧਰ ਵਾਲਿਓ ਪਿਛਲੀ ਵਾਰ ਵਾਲੀ ਗਲਤੀ ਨਾ ਕਰ ਲਓ ਅਤੇ ਇਸ ਵਾਰ ਕਮਲ ਦੇ ਫੁੱਲ ਤੇ ਮੋਹਰਾ ਲਾ ਦਿਓ।ਪਹਿਲੀ ਵਾਰ ਕਮਲ ਦਾ ਫੁੱਲ ਖਿੜਾਉਣ ’ਚ ਲੱਗੇ ‘ਅਟਵਾਲ ’ ਦੇ ਹੱਕ ’ਚ ਕਈ ਵੱਡੇ ਲੀਡਰ ਚੋਣ ਪ੍ਰਚਾਰ ਕਰਕੇ ਗਏ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਧਰਵਾਸ ਬੱਝਿਆ ਹੈ। ਖੇਤੀ ਕਾਨੂੰਨਾਂ ਕਾਰਨ ਨਰਾਜ਼ ਲੋਕਾਂ ਦੇ ਦਿਲਾਂ ਵਿੱਚ ਭਾਜਪਾ ਕਿਵੇਂ ਸਥਾਨ ਬਣਾਉਂਦੀ ਹੈ ਜਿੱਤ ਹਾਰ ਦੇ ਫੈਸਲੇ ਲਈ ਅਹਿਮ ਹੈ। ਜੋਕਰ ਅਟਵਾਲ ਜਿੱਤ ਜਾਂਦੇ ਹਨ ਤਾਂ ਪੰਜਾਬ ’ਚ ਬੀਜੇਪੀ ਲਈ ਸਿਆਸੀ ਰਾਹ ਸੌਖਾਲਾ ਹੋ ਸਕਦਾ ਹੈ।
ਡੇਰਾ ਪੈਰੋਕਾਰਾਂ ਵੱਲ ਨਜ਼ਰਾਂ
ਜਲੰਧਰ ਹਲਕੇ ’ਚ ਪੈਂਦੇ ਸਾਰੇ ਹੀ ਵਿਧਾਨ ਸਭਾ ਹਲਕਿਆਂ ’ਚ ਦੋ ਵੱਡੇ ਡੇਰਿਆਂ ਦਾ ਮਜਬੂਤ ਅਧਾਰ ਅਤੇ ਨਿੱਗਰ ਵੋਟ ਬੈਂਕ ਹੈ । ਡੇਰਾ ਪੈਰੋਕਾਰ ਜਿਮਨੀ ਚੋਣ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇਸ ਤੋਂ ਇਲਾਵਾ ਦਲਿਤ ਵੋਟ ਬੈਂਕ ਵੀ ਬਹੁਤ ਵੱਡਾ ਹੈ ਜੋਕਿ ਧੋਬੀ ਪਟਕਾ ਮਾਰਨ ਦੀ ਸਮਰੱਥਾ ਰੱਖਦਾ ਹੈ। ਵੱਖ-ਵੱਖ ਸਿਆਸੀ ਧਿਰਾਂ ਦੇ ਲੀਡਰ ਇਨ੍ਹਾਂ ਡੇਰਿਆਂ ਵਿੱਚ ਹਾਜ਼ਰੀ ਲੁਆ ਚੁੱਕੇ ਹਨ। ਉਂਜ ਵੋਟਾਂ ਸਬੰਧੀ ਜਿੰਨੇ ਮੂੰਹ ਓਨੀਆਂ ਗੱਲਾਂ ਪਰ ਜ਼ਿਆਦਾਤਰ ਲੋਕਾਂ ਨੇ ਇਸ ਮੁੱਦੇ ਤੇ ਚੁੱਪ ਵੱਟੀ ਹੋਈ ਹੈ।