ਪੰਜਾਬ ਵਿਚ ਆਪ ਦੇ ਰਾਜ ਵਿਚ ਔਰਤਾਂ ਸੁਰੱਖਿਅਤ ਨਹੀਂ: ਡਾ. ਸੁਖਵਿੰਦਰ ਸੁੱਖੀ
- ਕਿਹਾ ਕਿ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਵਾਸਤੇ ਕੁਝ ਵੀ ਕਰਨ ਨੂੰ ਤਿਆਰ
- ਮੁੱਖ ਮੰਤਰੀ ਨੇ ਹੀ ਟੀ ਵੀ ਪੱਤਰਕਾਰ ਦੀ ਗ੍ਰਿਫਤਾਰੀ ਅਤੇ ਸਿੱਖ ਨੌਜਵਾਨਾਂ ’ਤੇ ਐਨ ਐਸ ਏ ਲਗਾਉਣ ਦੇ ਹੁਕਮ ਕੇਜਰੀਵਾਲ ਦੇ ਕਹਿਣ ’ਤੇ ਦਿੱਤੇ
ਪ੍ਰਮੋਦ ਭਾਰਤੀ
ਜਲੰਧਰ, 7 ਮਈ,2023 - ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਹੈ ਕਿ ਪੰਜਾਬ ਵਿਚ ਆਪ ਸਰਕਾਰ ਦੇ ਰਾਜ ਵਿਚ ਔਰਤਾਂ ਹੀ ਸੁਰੱਖਿਅਤ ਨਹੀਂ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਟੀ ਵੀ ਪੱਤਰਕਾਰ ਦੀ ਗ੍ਰਿਫਤਾਰੀ ਦੇ ਹੁਕਮ ਇਸ ਕਰ ਕੇ ਦਿੱਤੇ ਕਿਉਂਕਿ ਉਸਨੇ ਕੇਜਰੀਵਾਲ ਵੱਲੋਂ ਸਰਕਾਰੀ ਰਿਹਾਇਸ਼ ’ਤੇ 45 ਕਰੋੜ ਰੁਪਏ ਖਰਚਣ ਦੀ ਖਬਰ ਵਿਖਾਈ ਸੀ।
ਇਥੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਛਾਉਣੀ ਹਲਕੇ ਵਿਚ ਇਕ ਵਿਸ਼ਾਲ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਨੇ ਕਿਹਾ ਕਿ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹਨ। ਉਹਨਾਂ ਕਿਹਾ ਕਿ ਜਿਵੇਂ ਉਹਨਾਂ ਨੇ ਟੀ ਵੀ ਪੱਤਰਕਾਰ ਭਾਵਨਾ ਕਿਸ਼ੋਰ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ, ਇਸੇ ਤਰੀਕੇ ਉਹਨਾਂ ਅਰਵਿੰਦ ਕੇਜਰੀਵਾਲ ਤੇ ਕੇਂਦਰ ਸਰਕਾਰ ਦੇ ਕਹਿਣ ’ਤੇ ਬੇਕਸੂਰ ਸਿੱਖ ਨੌਜਵਾਨਾਂ ਖਿਲਾਫ ਕੌਮੀ ਸੁਰੱਖਿਆ ਐਕਟ (ਐਨ ਐਸ ਏ) ਲਗਾਉਣ ਦੇ ਹੁਕਮ ਦਿੱਤੇ ਹਨ। ਉਹਨਾਂ ਨੇ ਸੱਚ ਬੋਲਣ ਵਾਲੇ ਬੁੱਧੀਜੀਵੀਆਂ ਤੇ ਕਲਾਕਾਰਾਂ ਖਿਲਾਫ ਵੀ ਕੇਸ ਦਰਜ ਕਰਵਾਏ ਹਨ ਤੇ ਅਨੇਕਾਂ ਵੈਬ ਚੈਨਲਾਂ ਨੂੰ ਇਸ ਕਰ ਕੇ ਬੈਨ ਕਰ ਦਿੱਤਾ ਕਿਉਂਕਿ ਉਹ ਇਹਨਾਂ ਦੇ ਸਿਆਸੀ ਆਕਾਵਾਂ ਦਾ ਪ੍ਰਾਪੇਗੰਡਾ ਕਰਨ ਤੋਂ ਇਨਕਾਰੀ ਸਨ।
ਉਹਨਾਂ ਕਿਹਾ ਕਿ ਮੌਜੂਦਾ ਚੋਣ ਵਿਚ ਲੜਾਈ ਉਹਨਾਂ ਦਰਮਿਆਨ ਹੈ ਜੋ ਇਕ ਪਾਸੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਂਗੂ ਜਨਤਕ ਜੀਵਨ ਵਿਚ ਪਾਰਦਰਸ਼ਤਾ ’ਤੇ ਜ਼ੋਰ ਦਿੰਦੇ ਹਨ ਤੇ ਜੋ ਵੋਟਾਂ ਦੀ ਖਾਤਰ ਕੋਈਵੀ ਝੂਠ ਬੋਲਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਨਾਲ ਦੋ ਵਾਰ ਧੋਖਾ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਉਹ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦੇਣਗੇ ਪਰ ਉਹਨਾਂ ਅਜਿਹਾ ਕੱਖ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੇ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਲਾਅਰਾ ਲਗਾ ਕੇ ਸੱਤਾ ਹਾਸਲ ਕੀਤੀ ਪਰ ਸੱਤਾ ਮਿਲਦਿਆਂ ਹੀ ਆਪਣੇ ਵਾਸਤੇ ਵਿਸਾਰ ਦਿੱਤੇ।
ਡਾ. ਸੁੱਖੀ ਨੇ ਕਾਂਗਰਸ ਤੇ ਆਪ ਦੋਵਾਂ ਨੂੰ ਹਰਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹਨਾਂ ਦੋਵਾਂ ਪਾਰਟੀਆਂ ਨੇ ਤੁਹਾਡੇ ਨਾਲ ਧੋਖਾ ਕੀਤਾ ਹੈ। ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਦੀ ਜਿੱਤ ਸਪਸ਼ਟ ਸੰਕੇਤ ਦੇਵੇਗੀ ਕਿ ਪੰਜਾਬੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਲੋਕ ਪੱਖੀ ਤੇ ਵਿਕਾਸ ਪੱਖੀ ਨੀਤੀਆਂ ਚਾਹੁੰਦੇ ਹਨ।
ਡਾ. ਸੁੱਖੀ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਲਗਾਤਾਰ ਦਲਿਤ ਭਾਈਚਾਰੇ ਨਾਲ ਵਿਤਕਰਾ ਕਰ ਰਹੀ ਹੈ ਤੇ ਇਸਨੇ ਹਾਈ ਕੋਰਟ ਵਿਚ ਹਲਫੀਆ ਬਿਆਨ ਦਾਇਰ ਕਰ ਕੇ ਕਿਹਾ ਹੈ ਕਿ ਅਨੁਸੂਚਿਤ ਜਾਤੀ ਭਾਈਚਾਰੇ ਦੇ ਉਮੀਦਵਾਰਾਂ ਕੋਲ ਸੂਬੇ ਵਿਚ ਲਾਅ ਅਫਸਰ ਲੱਗਣ ਦੀ ਯੋਗਤਾ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਆਪ ਸਮਝਦੀ ਹੈ ਕਿ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕ ਲਾਅ ਅਫਸਰ ਬਣਨ ਦੇ ਕਾਬਲ ਨਹੀਂ ਹਨ ਤਾਂ ਫਿਰ ਆਪ ਦੇ ਉਮੀਦਵਾਰ ਵੀ ਲੋਕ ਸਭਾ ਲਈ ਚੁਣੇ ਜਾਣ ਦੇ ਯੋਗ ਨਹੀਂ ਹਨ ਅਤੇ ਦਲਿਤ ਭਾਈਚਾਰੇ ਨੂੰ 10 ਮਈ ਨੂੰ ਇਸ ਮਾਮਲੇ ਵਿਚ ਆਪਣੀ ਰਾਇ ਸਪਸ਼ਟ ਕਰ ਦੇਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਇਹ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਪੇਂਡੂ ਵਿਕਾਸ ਫੰਡ (ਆਰ ਡੀ ਐਫ) ਅਤੇ ਮੰਡੀ ਫੀਸ ਦੇ ਮਾਮਲੇ ਵਿਚ ਕਿਸਾਨਾਂ ਦੇ ਮਸਲੇ ਕੇਂਦਰ ਕੋਲ ਚੁੱਕਣ ਵਿਚ ਬੁਰੀ ਤਰ੍ਹਾਂ ਅਸਫਲ ਸਾਬਤ ਹੋਏ ਹਨ। ਉਹਨਾਂ ਕਿਹਾ ਕਿ ਇਹਨਾਂ ਦੋਵੇਂ ਫੈਸਲਿਆਂ ਕਾਰਨ ਪੰਜਾਬ ਨੂੰ ਹਰ ਸਾਲ 2 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਸ ਨਾਲ ਪੇਂਡੂ ਹਲਕੇ ਵਿਚ ਬੁਨਿਆਦੀ ਢਾਂਚਾ ਖਾਸ ਤੌਰ ’ਤੇ ਸੜਕਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੀਆਂ।