ਜਲੰਧਰ ਦੇ ਭਾਰਗਵ ਕੈਂਪ ਵਿਖੇ ਸਤਿਗੁਰੂ ਕਬੀਰ ਮੁੱਖ ਮੰਦਰ ਵਿਖੇ ਨਤਮਸਤਕ ਹੋਏ CM ਮਾਨ, 'ਸਰਬੱਤ ਦੇ ਭਲੇ' ਦੀ ਕੀਤੀ ਅਰਦਾਸ
- ਅਸੀਂ ਰਾਜਨੀਤੀ ਕਰਨ ਨਹੀਂ ਬਦਲਣ ਆਏ ਹਾਂ, ਮੈਂ ਹਮੇਸ਼ਾ ਰੱਬ ਅੱਗੇ ਇਹੀ ਅਰਦਾਸ ਕਰਦਾਂ ਕਿ ਮੇਰਾ ਹਰ ਸਾਹ ਪੰਜਾਬ ਦੇ ਲੇਖੇ ਲੱਗੇ- ਮੁੱਖ ਮੰਤਰੀ ਮਾਨ
- ਪੰਜਾਬ ਦੀ ਜ਼ਿੰਮੇਵਾਰੀ ਅਸੀਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਾਂ, ਤੁਸੀਂ ਸਾਨੂੰ ਆਸ਼ੀਰਵਾਦ ਦਿਓ ਤਾਂਕਿ ਅਸੀਂ ਤਰੱਕੀ ਦੇ ਸੂਰਜ ਦੀ ਰੋਸ਼ਨੀ ਹਰ ਘਰ ਤੱਕ ਪਹੁੰਚਾ ਸਕੀਏ- ਸ. ਮਾਨ
ਜਲੰਧਰ, 7 ਮਈ 2023 - ਜਲੰਧਰ ਜ਼ਿਮਨੀ ਚੋਣ ਪ੍ਰਚਾਰ ਆਪਣੇ ਆਖ਼ਰੀ ਦੌਰ ਵਿੱਚ ਹੈ, ਇਸੇ ਦੌਰਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵੈੱਸਟ ਤੋਂ ਵਿਧਾਇਕ ਵਿਧਾਇਕ ਸ਼ੀਤਲ ਅੰਗੁਰਾਲ ਦੇ ਨਾਲ 'ਆਪ ਉਮੀਦਵਾਰ ਸ਼ੁਸ਼ੀਲ ਰਿੰਕੂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ। ਸ. ਮਾਨ ਨੇ ਸਭ ਤੋਂ ਪਹਿਲਾਂ ਜਲੰਧਰ ਦੇ ਭਾਰਗਵ ਕੈਂਪ ਵਿਖੇ ਸਥਿਤ ਸਤਿਗੁਰੂ ਕਬੀਰ ਮੁੱਖ ਮੰਦਰ ਵਿਖੇ ਨਤਮਸਤਕ ਹੁੰਦਿਆਂ 'ਸਰਬੱਤ ਦੇ ਭਲੇ' ਦੀ ਕੀਤੀ ਅਰਦਾਸ ਕੀਤੀ ਅਤੇ ਸੰਗਤ ਤੋਂ ਆਸ਼ੀਰਵਾਦ ਮੰਗਿਆ। ਉਨ੍ਹਾਂ ਨਾਲ ਇਸ ਮੌਕੇ ਅੰਮ੍ਰਿਤਸਰ ਤੋਂ ਵਿਧਾਇਕਾ ਬੀਬੀ ਜੀਵਨਜੋਤ ਕੌਰ, ਸੀਨੀਅਰ 'ਆਪ ਆਗੂ ਮਹਿੰਦਰ ਭਗਤ, ਪ੍ਰਵੇਸ਼ ਤਾਂਗੜੀ ਅਤੇ ਸਾਥੀ ਵੀ ਮੌਜੂਦ ਸਨ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਮਾਨ ਨੇ ਸੰਤ ਕਬੀਰ ਜੀ ਦੇ ਘਾਲਣਾ ਭਰੇ ਜੀਵਨ ਬਾਰੇ ਸੰਗਤ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕਬੀਰ ਜੀ ਨੇ ਦੱਬੇ-ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ, ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦਾ ਵਿਰੋਧ ਕਰਨ ਅਤੇ ਲੋਕਾਈ ਨੂੰ ਪਰਮਾਤਮਾ ਦਾ ਨਾਮ ਜਪਦਿਆਂ ਆਪਣਾ ਜੀਵਨ ਸਫ਼ਲ ਕਰਨ ਲਈ ਆਪਣਾ ਸਮੁੱਚਾ ਜੀਵਨ ਲੇਖੇ ਲਾਇਆ। ਉਨ੍ਹਾਂ ਕਿਹਾ ਕਿ ਕਬੀਰ ਜੀ ਦੀ ਬਾਣੀ ਹਮੇਸ਼ਾ ਸਾਡਾ ਮਾਰਗ ਦਰਸ਼ਨ ਕਰਦੀ ਰਹੇਗੀ। ਸ. ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ-ਫ਼ਕੀਰਾਂ, ਯੋਧਿਆਂ ਅਤੇ ਸ਼ਹੀਦਾਂ ਦੀ ਧਰਤੀ ਹੈ। ਇਸ ਧਰਤੀ ਤੇ ਜਨਮ ਲੈਣਾ ਸਾਡੇ ਲਈ ਮਾਣ ਵਾਲੀ ਗੱਲ ਹੈ।
ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਦਾ ਪੰਜਾਬ ਦੇ ਹਰ ਵਰਗ ਦੀ ਤਰੱਕੀ ਲਈ ਦਿਨ-ਰਾਤ ਕੰਮ ਕਰ ਰਹੀ ਹੈ, ਸਾਡਾ ਮਕਸਦ ਹੈ ਕਿ ਪੰਜਾਬ ਦਾ ਹਰ ਘਰ ਤਰੱਕੀ ਕਰੇ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰ ਰਹੇ ਹਾਂ ਤਾਂ ਕਿ ਗਰੀਬ ਦਾ ਬੱਚਾ ਵੀ ਪੜ੍ਹ-ਲਿਖ ਕੇ ਅਫ਼ਸਰ ਬਣੇ। ਮੁਹੱਲਾ ਕਲੀਨਿਕ ਬਣਾ ਰਹੇ ਹਾਂ, ਤਾਂ ਕਿ ਹਰ ਇੱਕ ਨੂੰ ਸਹੀ ਅਤੇ ਸਸਤਾ ਇਲਾਜ ਮਿਲੇ। ਸ. ਮਾਨ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਲਈ ਸਾਡੀ ਮਿਹਨਤ ਵਿੱਚ ਕੋਈ ਕਮੀ ਨਹੀਂ ਹੈ।
ਭਗਵੰਤ ਮਾਨ ਨੇ ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਵੀ ਸੰਤ ਰਾਮ ਉਦਾਸੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਕਵਿਤਾ ਵੀ ਗਾਈ। ਉਨ੍ਹਾਂ ਕਿਹਾ ਕਿ ਕੁਝ ਲੋਕ ਪੰਜਾਬ ਦੀ ਭਾਈਚਾਰਕ ਏਕਤਾ ਨੂੰ ਤੋੜਨ ਲਈ ਯਤਨ ਕਰ ਰਹੇ ਹਨ, ਪਰ ਉਨ੍ਹਾਂ ਨੂੰ ਪਤਾ ਨਹੀਂ ਕਿ ਗੁਰੂਆਂ ਦੇ ਵਰਸੋਏ ਪੰਜਾਬ ਦੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਤੋੜਨਾ ਅਸੰਭਵ ਹੈ। ਨੌਜਵਾਨਾਂ ਲਈ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪੰਜਾਬ ਵਿੱਚ ਹੀ ਮੁਹੱਈਆ ਕਰਵਾ ਰਹੀ ਹੈ। ਤਾਂਕਿ ਨੌਜਵਾਨਾਂ ਨੂੰ ਨੌਕਰੀਆਂ ਦੀ ਤਲਾਸ਼ ਵਿੱਚ ਵਿਦੇਸ਼ ਵਿੱਚ ਨਾ ਰੁਲਣਾ ਪਵੇ।
ਇਸ ਮੌਕੇ ਸਥਾਨਕ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦਿਆਂ ਉਨ੍ਹਾਂ ਪੰਜਾਬ ਵਿੱਚ ਹੁੰਦੇ ਮਹਿੰਗੇ ਵਿਆਹਾਂ ਤੇ ਵੀ ਚਿੰਤਾ ਜ਼ਾਹਿਰ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਹਰ ਪਿੰਡ ਵਿੱਚ ਕੰਮਿਊਨਿਟੀ ਸੈਂਟਰ ਸਥਾਪਿਤ ਕਰੇਗੀ। ਇਹ ਕੰਮਿਊਨਿਟੀ ਸੈਂਟਰ ਲੋੜਵੰਦਾਂ ਲਈ ਧੀਆਂ ਦੇ ਵਿਆਹ ਤੋਂ ਲੈਕੇ ਪੂਰੇ ਪਿੰਡ ਵਾਸੀਆਂ ਨੂੰ ਆਪਣੇ ਸਮਾਗਮ ਕਰਵਾਉਣ ਲਈ ਸਸਤਾ ਬਦਲ ਬਣਨਗੇ।
ਅੰਤ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਦਾ ਪੰਜਾਬ ਅਤੇ ਪੰਜਾਬੀਆਂ ਨੂੰ ਸਮਰਪਿਤ ਹੈ। ਜੋ ਭਰੋਸਾ ਪੰਜਾਬ ਵਾਸੀਆਂ ਨੇ ਉਨ੍ਹਾਂ ਤੇ ਕੀਤਾ, ਉਸਤੇ ਖ਼ਰਾ ਉਤਰਨ ਲਈ 'ਆਪ ਸਰਕਾਰ ਲਗਾਤਾਰ ਮਿਹਨਤ ਕਰ ਰਹੀ ਹੈ। ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਦੇ ਫ਼ੈਲਾਏ ਭ੍ਰਿਸ਼ਟਾਚਾਰ, ਮਾਫ਼ੀਏ ਨੂੰ ਨੱਥ ਪਾਈ ਜਾ ਚੁੱਕੀ ਹੈ। ਉਨ੍ਹਾਂ ਬੇਨਤੀ ਕਰਦਿਆਂ ਕਿਹਾ ਕਿ ‘ਅਸੀਂ ਪੰਜਾਬ ਦੀ ਜ਼ਿੰਮੇਵਾਰੀ ਅਸੀਂ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਾਂ, ਤੁਸੀਂ ਸਾਨੂੰ ਆਸ਼ੀਰਵਾਦ ਦਿਓ ਤਾਂਕਿ ਅਸੀਂ ਤਰੱਕੀ ਦੇ ਸੂਰਜ ਦੀ ਰੋਸ਼ਨੀ ਹਰ ਘਰ ਤੱਕ ਪਹੁੰਚਾ ਸਕੀਏ।’