ਜਲੰਧਰ ਨੇੜਲੇ ਵਿਧਾਨ ਸਭਾ ਹਲਕਿਆਂ ਦੇ ਅੰਦਰ 10 ਮਈ ਤੱਕ ਡਰਾਈ ਡੇ ਐਲਾਨਿਆ
13 ਮਈ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਰਹਿਣਗੇ ਹੁਕਮ ਲਾਗੂ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ, 9 ਮਈ 2023 :
ਪੰਜਾਬ ਵਿਚ ਜਲੰਧਰ ਲੋਕ ਸਭਾ ਹਲਕੇ ਲਈ 10 ਮਈ ਨੂੰ ਹੋਣ ਵਾਲੀ ਜਿਮਨੀ ਚੋਣ ਦੇ ਮੱਦੇਨਜ਼ਰ ਸਟੇਟ ਚੋਣ ਕਮਿਸ਼ਨਰ ਪੰਜਾਬ ਦੇ ਪੱਤਰ ਅਨੁਸਾਰ ਲੋਕ ਸਭਾ ਹਲਕਾ ਜਲੰਧਰ ਦੇ ਨਾਲ ਲੱਗਦੇ ਵਿਧਾਨ ਸਭਾ ਹਲਕਿਆਂ ਦੇ 3 ਕਿਲੋਮੀਟਰ ਦੇ ਘੇਰੇ ਅੰਦਰ ਮਿਤੀ 10 ਮਈ ਨੂੰ ਵੋਟਾਂ ਪੈਣ ਤੱਕ ਅਤੇ ਮਿਤੀ 13 ਮਈ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇ ਐਲਾਨਿਆ ਗਿਆ ਹੈ।
ਜਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵਲੋਂ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਡਰਾਈ ਡੇਅ ਦੌਰਾਨ ਸ਼ਰਾਬ ਦੇ ਠੇਕੇ ਖੋਲਣ ਅਤੇ ਵਿਅਕਤੀਆਂ ਦੁਆਰਾ ਸ਼ਰਾਬ ਸਟੋਰ ਕਰਨ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਇਹ ਹੁਕਮ ਹੋਟਲਾਂ, ਰੈਸਟੋਰੈਟਾਂ, ਕਲੱਬਾਂ ਤੇ ਸ਼ਰਾਬ ਦੇ ਅਹਾਤਿਆਂ ਜਿੱਥੇ ਸ਼ਰਾਬ ਵੇਚਣ ਤੇ ਪੀਣ ਦੀ ਕਾਨੂੰਨੀ ਇਜ਼ਾਜ਼ਤ ਹੈ, ਉਪਰ ਵੀ ਪੂਰਨ ਤੌਰ ’ਤੇ ਲਾਗੂ ਹੋਵੇਗਾ।
ਜਾਰੀ ਹੁਕਮਾਂ ਅਨੁਸਾਰ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਤੇ ਸਹਾਇਕ ਕਮਿਸ਼ਨਰ ਆਬਕਾਰੀ ਕਪੂਰਥਲਾ ਰੇਂਜ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣਗੇ।