ਸਿਮਰਜੀਤ ਸਿੰਘ ਬੈਂਸ ਦੀ ਲੋਕ ਇਨਸਾਫ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੂੰ ਦਿੱਤਾ ਸਮਰਥਨ
ਜਲੰਧਰ 30 ਅਪ੍ਰੈਲ 2023 - ਭਾਰਤੀ ਜਨਤਾ ਪਾਰਟੀ ਨੂੰ ਆਪਣੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਚੋਣ ਮੁਹਿੰਮ ਵਿਚ ਉਸ ਸਮੇਂ ਜ਼ਬਰਦਸਤ ਕਾਮਯਾਬੀ ਮਿਲੀ ਜਦੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜਲੰਧਰ ਜ਼ਿਮਨੀ ਚੋਣਾਂ ਲਈ ਹੀ ਨਹੀਂ, ਸਗੋਂ ਭਾਜਪਾ ਨੂੰ 2024 ਦੀਆਂ ਆਉਣ ਵਾਲੀਆਂ ਲੋਕਸਭਾ ਚੋਣਾਂ ਅਤੇ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਭਾਜਪਾ ਦੇ ਪੰਜਾਬ ਇੰਚਾਰਜ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਾਬਕਾ ਮੰਤਰੀ ਡਾ: ਰਾਜਕੁਮਾਰ ਵੇਰਕਾ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ, ਸੂਬਾਈ ਬੁਲਾਰੇ ਅਨਿਲ ਸਰੀਨ, ਗੁਰਦੇਵ ਦੇਬੀ, ਡਾ. ਗੇਜਾ ਰਾਮ ਅਤੇ ਸੂਬਾ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ ਹਾਜ਼ਰ ਸਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਸਿਮਰਜੀਤ ਸਿੰਘ ਬੈਂਸ ਨੇ ਕੀਤੀ ਪ੍ਰੈਸ ਕਾਨਫਰੰਸ, PM Modi ਦੀਆਂ ਤਾਰੀਫ਼ ਦੇ ਬੰਨੇ ਪੁਲ (ਵੀਡੀਓ ਵੀ ਦੇਖੋ)
ਸਿਮਰਜੀਤ ਸਿੰਘ ਬੈਂਸ ਨੇ ਇਸ ਦੌਰਾਨ ਭਾਜਪਾ ਅੱਗੇ ਤਿੰਨ ਵੱਡੇ ਸੁਝਾਅ ਵੀ ਰੱਖੇ ਅਤੇ ਸਪੱਸ਼ਟ ਕੀਤਾ ਕਿ ਇਹ ਸਿਰਫ਼ ਇੱਕ ਸੁਝਾਅ ਹੈ, ਸ਼ਰਤ ਨਹੀਂ ਹੈ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਗੁਆਂਢੀ ਦੇਸ਼ ਪਾਕਿਸਤਾਨ ਨਾਲ ਦੁਵੱਲਾ ਵਪਾਰ ਖੋਲ੍ਹਿਆ ਜਾਣਾ ਚਾਹੀਦਾ ਹੈ। ਇਸ ਨਾਲ ਦੋਵਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ। ਉਥੋਂ ਦੇ ਲੋਕ ਅਨਾਜ ਦੇ ਦਾਨੇ ਦਾਨੇ ਨੂੰ ਤਰਸ ਰਹੇ ਹਨ, ਭਾਰਤ 'ਚ ਚੂਹੇ ਕਣਕ ਨੂੰ ਖਾ ਰਹੇ ਹਨ। ਇਸ ਨਾਲ ਇਨਸਾਨੀਅਤ ਨਾਤੇ ਉਹਨਾਂ ਨੂੰ ਮਦਦ ਵੀ ਮਿਲੇਗੀ। ਉਨ੍ਹਾਂ ਨੇ ਦੂਜਾ ਸੁਝਾਅ ਕੇਂਦਰ ਸਰਕਾਰ ਵੱਲੋਂ ਦਲਿਤਾਂ ਲਈ ਚਲਾਈ ਜਾ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਕਰਨ ਦਾ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਇਸ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਹੁਸ਼ਿਆਰ ਦਲਿਤ ਵਿਦਿਆਰਥੀਆਂ ਦਾ ਭਵਿੱਖ ਹਨੇਰੇ ‘ਚ ਪੈ ਗਿਆ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕੇਂਦਰ ਸਰਕਾਰ ਨੂੰ ਅਜਿਹੀ ਪ੍ਰਣਾਲੀ ਲਾਗੂ ਕਰਨੀ ਚਾਹੀਦੀ ਹੈ ਤਾਂ ਜੋ ਵਜ਼ੀਫ਼ੇ ਦਾ ਪੈਸਾ ਸਿੱਧਾ ਵਿਦਿਆਰਥੀ ਦੇ ਖਾਤੇ ਵਿੱਚ ਜਾਵੇ ਤਾਂ ਜੋ ਉਹ ਆਪਣੀ ਪੜ੍ਹਾਈ 'ਤੇ ਪੂਰਾ ਧਿਆਨ ਦੇ ਸਕੇ। ਉਨ੍ਹਾਂ ਦਾ ਤੀਜਾ ਸੁਝਾਅ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵੱਲ ਲਿਆਉਣਾ ਸੀ ਕਿਉਂਕਿ ਝੋਨੇ ਨੇ ਪੰਜਾਬ ਦੇ ਪਾਣੀਆਂ ਨੂੰ ਡਾਰਕ ਜ਼ੋਨ ਵਿੱਚ ਲਿਆ ਦਿੱਤਾ ਹੈ। 1964 ਤੋਂ ਪਹਿਲਾਂ ਖਸਖਸ ਦੀ ਖੇਤੀ ਕੀਤੀ ਜਾਂਦੀ ਸੀ ਉਸਨੂੰ ਫਿਰ ਤੋਂ ਸ਼ੁਰੂ ਕਰਵਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਗੱਲ ਵੀ ਕਹੀ ਤਾਂ ਜੋ ਨੌਜਵਾਨਾਂ ਦਾ ਭਵਿੱਖ ਸੰਵਾਰਿਆ ਜਾ ਸਕੇ। ਉਨ੍ਹਾਂ ਇਨ੍ਹਾਂ ਵਿਸ਼ਿਆਂ 'ਤੇ ਡੂੰਘੀ ਚਿੰਤਾ ਪ੍ਰਗਟਾਈ।
ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਭਾਜਪਾ ਨੂੰ ਆਪਣਾ ਸਮਰਥਨ ਸਿਰਫ ਇਸ ਲਈ ਦੇ ਰਹੇ ਹਨ ਕਿਉਂਕਿ ਇਹ ਇਕਲੌਤੀ ਪਾਰਟੀ ਹੈ ਜਿਸ 'ਤੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਰਿਵਾਰ ਦਾ ਕੰਟਰੋਲ ਨਹੀਂ ਹੈ। ਇਸ ਵਿੱਚ ਕੰਮ ਕਰਨ ਵਾਲੇ ਵਰਕਰਾਂ ਨੂੰ ਬਹੁਤ ਵਧੀਆ ਮੌਕਾ ਮਿਲਦਾ ਹੈ ਅਤੇ ਇਸ ਦੀਆਂ ਕਈ ਉਦਾਹਰਣਾਂ ਹਨ। ਉਨ੍ਹਾਂ ਕਿਹਾ ਕਿ ਜਦੋਂ ਰਾਮਨਾਥ ਕੋਵਿੰਦ ਨੂੰ ਰਾਸ਼ਟਰਪਤੀ ਲਈ ਨਾਮਜ਼ਦ ਕੀਤਾ ਗਿਆ ਤਾਂ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ ਅਤੇ ਉਨ੍ਹਾਂ ਨੇ ਰਾਮਨਾਥ ਕੋਵਿੰਦ ਦੇ ਹੱਕ ਵਿੱਚ ਵੋਟ ਪਾਈ ਭਾਵੇਂ ਕਿ ਭਾਜਪਾ ਵੱਲੋਂ ਉਨ੍ਹਾਂ ਤੱਕ ਪਹੁੰਚ ਵੀ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖਾਂ ਅਤੇ ਪੰਜਾਬ ਪ੍ਰਤੀ ਬਹੁਤ ਹੀ ਉਦਾਰ ਰਵੱਈਆ ਹੈ। ਉਸ ਨੂੰ ਇਸ ਦੀ ਮਿਸਾਲ ਉਦੋਂ ਮਿਲੀ ਜਦੋਂ ਕੋਲਕਾਤਾ ਦੇ ਇਕ ਪੈਟਰੋਲ ਪੰਪ 'ਤੇ ਵੀਰ ਬਾਲ ਦਿਵਸ ਦਾ ਵੱਡਾ ਪੋਸਟਰ ਲੱਗਾ ਦੇਖਿਆ। ਫਿਰ ਜਦੋਂ ਉਨ੍ਹਾਂ ਪੈਟਰੋਲ ਪੰਪ ਦੇ ਮੁਲਾਜ਼ਮ ਤੋਂ ਉਸਦੀ ਜਾਣਕਾਰੀ ਲਈ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਸਾਨੂੰ ਬਹਾਦਰ ਬੱਚਿਆਂ ਦੀ ਸ਼ਹਾਦਤ ਬਾਰੇ ਪਤਾ ਨਹੀਂ ਸੀ ਪਰ ਜਦੋਂ ਪ੍ਰਧਾਨ ਮੰਤਰੀ ਨੇ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ। ਫਿਰ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਵਿਕਾਸ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ। ਇਸ ਲਈ ਉਹ ਭਾਜਪਾ ਨੂੰ ਆਪਣਾ ਸਮਰਥਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਿਤਾਉਣ ਲਈ ਆਪਣੀ ਪੂਰੀ ਤਾਕਤ ਲਾਉਣਗੇ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਿਨ ਰਾਤ ਇੱਕ ਕਰ ਕੇ ਕੰਮ ਕਰੇਗੀ।
ਜਦੋਂ ਸਿਮਰਜੀਤ ਸਿੰਘ ਬੈਂਸ ਨੂੰ ਪੁੱਛਿਆ ਗਿਆ ਕਿ ਕੀ ਲੋਕ ਇਨਸਾਫ ਪਾਰਟੀ ਭਾਜਪਾ ਨਾਲ ਗਠਜੋੜ ਕਰੇਗੀ ਅਤੇ ਉਹ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਸੂਝਵਾਨਾਂ ਲਈ ਇਕ ਇਸ਼ਾਰਾ ਹੀ ਕਾਫੀ ਹੈ। ਇਸ ਮੌਕੇ ਵਿਜੇ ਰੂਪਾਨੀ ਨੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਨੂੰ ਉਨ੍ਹਾਂ ਦਾ ਸਮਰਥਨ ਭਾਰਤੀ ਜਨਤਾ ਪਾਰਟੀ ਨੂੰ ਹੋਰ ਵੀ ਮਜ਼ਬੂਤ ਕਰੇਗਾ ਅਤੇ ਇੰਦਰ ਇਕਬਾਲ ਸਿੰਘ ਅਟਵਾਲ ਦੀ ਜਿੱਤ ਯਕੀਨੀ ਹੈ।