CM ਮਾਨ ਨੇ ਜਲੰਧਰ ਵਾਸੀਆਂ ਨੂੰ ਕੀਤੀ ਅਪੀਲ, ਕਿਹਾ- ਸੁਸ਼ੀਲ ਰਿੰਕੂ ਨੂੰ ਜਿਤਾਓ ਅਤੇ ਸਾਡਾ ਹੌਂਸਲਾ ਵਧਾਓ, ਅਸੀਂ ਹੋਰ ਤੇਜ਼ ਰਫਤਾਰ ਨਾਲ ਕੰਮ ਕਰਾਂਗੇ
- ਕਿਹਾ, ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਮੁਰੰਮਤ ਕਰ ਰਹੇ ਹਾਂ, ਤੁਸੀਂ ਅਗਲੇ ਛੇ ਮਹੀਨਿਆਂ ਵਿੱਚ ਦੇਖੋਂਗੇ ਨਤੀਜਾ
- ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਪੂਰੀ ਤਰ੍ਹਾਂ ਖਾਤਮਾ ਕਰ ਦਿੱਤਾ, ਹੁਣ ਭ੍ਰਿਸ਼ਟ ਲੋਕਾਂ ਨੂੰ ਪੈਸੇ ਲੈਣ ਤੋਂ ਪਹਿਲਾਂ ਸੌ ਵਾਰ ਸੋਚਣਾ ਪਵੇਗਾ - ਮਾਨ
- ਸਾਨੂੰ ਇੱਕ ਮੌਕਾ ਦਿਓ, ਅਸੀਂ ਜਲੰਧਰ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ - ਸੁਸ਼ੀਲ ਰਿੰਕੂ
- ਮੁੱਖ ਮੰਤਰੀ ਮਾਨ ਨੇ ਹਲਕਾ ਫਿਲੌਰ ਦੇ ਵੱਖ-ਵੱਖ ਇਲਾਕਿਆਂ ਵਿੱਚ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਕੱਢਿਆ ਰੋਡ ਸ਼ੋਅ
ਜਲੰਧਰ, 27 ਅਪ੍ਰੈਲ 2023 - ਜਲੰਧਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਸਮਰਥਨ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹਲਕਾ ਫਿਲੌਰ ਦੇ ਵੱਖ-ਵੱਖ ਇਲਾਕਿਆਂ 'ਚ ਰੋਡ ਸ਼ੋਅ ਕਰਕੇ ਲੋਕਾਂ ਨੂੰ 'ਆਪ' ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।
ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਮਾਨ ਨੇ ਫਿਲੌਰ ਦੇ ਬੁੰਡਾਲਾ ਅਤੇ ਬਾੜਾ ਪਿੰਡ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਸੀਂ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਸਕੂਲਾਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਅਗਲੇ ਛੇ ਮਹੀਨਿਆਂ ਵਿੱਚ ਨਤੀਜੇ ਵਿਖਾਈ ਦੇਣੇ ਸ਼ੁਰੂ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੇ ਇਲਾਜ ਲਈ ਤੁਹਾਡੇ ਘਰ ਨੇੜੇ ਸਿਹਤ ਕੇਂਦਰ ਬਣਾਵਾਂਗੇ। ਅਸੀਂ ਸਰਕਾਰ ਆਉਣ ਦੇ ਸਿਰਫ਼ ਇੱਕ ਸਾਲ ਵਿੱਚ ਹੀ ਪੰਜਾਬ ਵਿੱਚ 500 ਤੋਂ ਵੱਧ ਮੁਹੱਲਾ ਕਲੀਨਿਕ ਬਣਾਏ ਹਨ। ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ ਹੁਣ ਤੱਕ 20 ਲੱਖ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ 5 ਲੱਖ ਤੋਂ ਵੱਧ ਲੋਕਾਂ ਦੀ ਮੁਫ਼ਤ ਜਾਂਚ ਕੀਤੀ ਜਾ ਚੁੱਕੀ ਹੈ।
ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ 28000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਹੈ। ਇਸ ਲਈ ਅਸੀਂ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਵਧਾ ਕੇ 15000 ਰੁਪਏ ਪ੍ਰਤੀ ਏਕੜ ਕਰ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ। ਅਸੀਂ ਇੱਕ ਸਾਲ ਦੇ ਅੰਦਰ ਸੈਂਕੜੇ ਭ੍ਰਿਸ਼ਟ ਅਫ਼ਸਰਾਂ, ਮੁਲਾਜ਼ਮਾਂ ਅਤੇ ਆਗੂਆਂ ਖ਼ਿਲਾਫ਼ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਜਿਸਨੇ ਵੀ ਭ੍ਰਿਸ਼ਟਾਚਾਰ ਕੀਤਾ ਹੈ, ਅਸੀਂ ਕਿਸੇ ਨੂੰ ਨਹੀਂ ਛੱਡਾਂਗੇ। ਸਾਰਿਆਂ ਨੂੰ ਫੜ੍ਹ ਕੇ ਲੁੱਟ ਦਾ ਪੈਸਾ ਵਸੂਲ ਕਰਾਂਗੇ ਅਤੇ ਉਸਨੂੰ ਪੰਜਾਬ ਦੇ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਂਗੇ।
ਮੁੱਖ ਮੰਤਰੀ ਨੇ ਜਲੰਧਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਚੋਣ ਨਾਲ ਭਾਜਪਾ ਅਤੇ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਹੈ। ਪਰ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਦੀ ਜਿੱਤ ਸਾਡੇ ਹੌਂਸਲੇ ਬੁਲੰਦ ਕਰੇਗੀ, ਜਿਸ ਕਾਰਨ ਅਸੀਂ ਪੰਜਾਬ ਦੇ ਵਿਕਾਸ ਲਈ ਹੋਰ ਤੇਜ ਰਫ਼ਤਾਰ ਨਾਲ ਕੰਮ ਕਰਾਂਗੇ।
ਮਾਨ ਨੇ ਕਿਹਾ ਕਿ ਸੁਸ਼ੀਲ ਰਿੰਕੂ ਲੋਕ ਸਭਾ ਵਿੱਚ ਸਾਡੇ ਵਾਂਗ ਪੰਜਾਬ ਅਤੇ ਜਲੰਧਰ ਲਈ ਆਵਾਜ਼ ਬੁਲੰਦ ਕਰਨਗੇ ਅਤੇ ਜਲੰਧਰ ਦੇ ਵਿਕਾਸ ਲਈ ਕੇਂਦਰੀ ਫੰਡ ਲੈ ਕੇ ਆਉਣਗੇ। ਕੇਂਦਰੀ ਫੰਡ ਕਿਵੇਂ ਲਿਆਂਦਾ ਜਾਂਦਾ ਹੈ ਅਤੇ ਲੋਕਾਂ ਦੇ ਵਿਕਾਸ ਲਈ ਕਿਵੇਂ ਵਰਤਿਆ ਜਾਂਦਾ ਹੈ, ਇਹ ਮੈਂ ਜਾਣਦਾ ਹਾਂ ਤੇ ਮੈਂ ਸੁਸ਼ੀਲ ਰਿੰਕੂ ਦਾ ਇਸ ਲਈ ਵੱਡੇ ਭਰਾ ਵਾਂਗ ਮਾਰਗਦਰਸ਼ਨ ਕਰਾਂਗਾ।
ਇਸ ਦੇ ਨਾਲ ਹੀ 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ ਰੋਡ ਸ਼ੋਅ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਮੇਰੇ 'ਤੇ ਭਰੋਸਾ ਕੀਤਾ ਹੈ, ਅਸੀਂ ਉਸ 'ਤੇ ਖਰੇ ਉਤਰਾਂਗੇ। ਉਨ੍ਹਾਂ ਜਲੰਧਰ ਦੇ ਲੋਕਾਂ ਨੂੰ ਇੱਕ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਜਿੱਤਣ ਤੋਂ ਬਾਅਦ ਜਲੰਧਰ ਲੋਕ ਸਭਾ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ।