ਜਲੰਧਰ ਜ਼ਿਮਨੀ ਚੋਣ : ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਖਿਲਾਫ ਪੋਲ ਖੋਲ੍ਹ ਰੈਲੀ ਦਾ ਐਲਾਨ
ਮਜਦੂਰ ਦਿਵਸ ਮੌਕੇ 1 ਮਈ ਦੇ ਦਿਨ ਸਮੂਹਿਕ ਛੁੱਟੀ ਲੈ ਕੇ ਸਰਕਾਰ ਖਿਲਾਫ ਪ੍ਰਚਾਰ ਲਈ ਜਲੰਧਰ ਜਾਣਗੇ ਕੱਚੇ ਸਿਹਤ ਮੁਲਾਜ਼ਮ
ਜੈਤੋ, 20 ਅਪ੍ਰੈਲ (ਮਨਜੀਤ ਸਿੰਘ ਢੱਲਾ): ਸੂਬਾ ਸਰਕਾਰ ਵੱਲੋਂ ਕੱਚੇ ਸਿਹਤ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਫੈਸਲਾ ਨਾ ਲੈਣ ਤੋਂ ਅੱਕੇ ਕੱਚੇ ਸਿਹਤ ਮੁਲਾਜ਼ਮਾਂ ਵੱਲੋਂ ਜਲੰਧਰ ਜ਼ਿਮਨੀ ਚੋਣ ਦੌਰਾਨ ‘ਆਪ’ ਸਰਕਾਰ ਖਿਲਾਫ ਪੋਲ ਖੋਲ੍ਹ ਰੈਲੀ ਕਰਦਿਆਂ ਜਲੰਧਰ ਦੇ ਲੋਕਾਂ ਨੂੰ ਸਰਕਾਰ ਦੀ ਅਸਲੀਅਤ ਦੱਸਣ ਦਾ ਫੈਸਲਾ ਲਿਆ ਗਿਆ ਹੈ।ਐਨਐਚਐਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ 1 ਮਈ ਨੂੰ ਮਜਦੂਰ ਦਿਵਸ ਮੌਕੇ ਸਮੂਹ ਕੱਚੇ ਸਿਹਤ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਜਲੰਧਰ ਜਾਣਗੇ ਤੇ ਉੱਥੇ ਸਰਕਾਰ ਖਿਲਾਫ ਪੋਲ ਖੋਲ੍ਹ ਰੈਲੀ ਕਰਨ ਉਪਰੰਤ ਜਲੰਧਰ ਦੇ ਲੋਕਾਂ ਵਿੱਚ 50 ਹਜ਼ਾਰ ਪੈਂਫਲਿਟ ਵੰਡਣਗੇ।ਕੱਚੇ ਕਾਮਿਆਂ ਨੇ ਫੈਸਲਾ ਕੀਤਾ ਹੈ ਕਿ ਉਹ ਜਲੰਧਰ ਦੇ ਲੋਕਾਂ ਨੂੰ ਪੈਂਫਲਿਟਾ ਰਾਹੀਂ ਦੱਸਣਗੇ ਕਿ ਇਸ ਸਰਕਾਰ ਨੇ ਸਿਹਤ ਵਿਭਾਗ ਵਿੱਚ ਅਜੇ ਤੱਕ ਇੱਕ ਮੁਲਾਜ਼ਮ ਪੱਕਾ ਨਹੀਂ ਕੀਤਾ ਹੈ ਤੇ ‘ਬਦਲਾਅ’ ਦੀ ਗੱਲ ਕਰਨ ਵਾਲੀ ਇਸ ਸਰਕਾਰ ਵਿੱਚ ਵੀ ਮੁਲਾਜ਼ਮ ਨਿਗੂਣੀਆਂ ਤਣਖਾਹਾਂ ਤਹਿਤ ਨੌਕਰੀ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨਐਚਐਮ ਦੇ ਸਮੂਹ ਇੰਪਲਾਈਜ਼ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੌਮੀ ਸਿਹਤ ਮਿਸ਼ਨ (ਐਨਐਚਐਮ) ਤਹਿਤ ਕੰਮ ਕਰਦੇ ਸਮੂਹ ਕੱਚੇ ਮੁਲਾਜਮਾਂ ਨੂੰ ਸਰਕਾਰ ਬਨਣ ‘ਤੇ ਰੈਗੂਲਰ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਸਰਕਾਰ ਬਣਿਆ ਇੱਕ ਸਾਲ ਤੋਂ ਜਿਆਦਾ ਦਾ ਸਮਾਂ ਹੋ ਜਾਣ ਦੇ ਬਾਵਜੂਦ ਐਨਐਚਐਮ ਤਹਿਤ ਕੰਮ ਕਰਦੇ ਸਿਹਤ ਮੁਲਾਜ਼ਮ ਪੱਕੇ ਨਹੀਂ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਐਨਐਚਐਮ ਮੁਲਾਜਮ ਆਪਣੀ ਅਸਾਮੀ ਦੇ ਹਿਸਾਬ ਨਾਲ ਯੋਗਤਾ ਪੂਰੀ ਕਰਦੇ ਹਨ ਤੇ ਐਨਐਚਐਮ ਦੀਆਂ ਭਰਤੀਆਂ ਯੋਗ ਪ੍ਰਕਿਰਆ ਰਾਹੀਂ ਹੋਈਆਂ ਹਨ, ਲੇਕਿਨ ਫਿਰ ਵੀ ਕੱਚੇ ਸਿਹਤ ਮੁਲਾਜ਼ਮਾਂ ਦੀ ਠੇਕਾ ਪ੍ਰਥਾ ਤਹਿਤ ਪਿਛਲੇ ਪੰਦਰ੍ਹਾਂ ਸਾਲਾਂ ਤੋਂ ਆਰਥਿਕ,ਮਾਨਸਿਕ ਲੁੱਟ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਚੋਣ ਵਾਅਦਿਆਂ ਤੋਂ ਭੱਜ ਚੁੱਕੀ ਹੈ।ਇਹ ਸਰਕਾਰ ਸਿਰਫ ਇਸ਼ਤਿਹਾਰਾਂ ਦੀ ਸਰਕਾਰ ਬਣ ਚੁੱਕੀ ਹੈ ਜੋ ਇਸ਼ਤਿਹਾਰਾਂ ਰਾਹੀਂ ਕੱਚੇ ਕਾਮੇ ਪੱਕੇ ਕਰਨ ਦਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜਦਕਿ ਹਕੀਕਤ ਵਿੱਚ ਕੱਚੇ ਕਾਮੇ ਅੱਜ ਵੀ ਸਰਕਾਰ ਦੇ ਸ਼ੋਸ਼ਨ ਦਾ ਸ਼ਿਕਾਰ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਨਿਗੂਣੀਆਂ ਤਣਖਾਹਾਂ ਨਾਲ ਜਿੰਦਗੀ ਬਸਰ ਕਰਨਾ ਬਹੁਤ ਔਖਾ ਹੈ ਪਰ ਆਮ ਆਦਮੀ ਦੀ ਗੱਲ ਕਰਨ ਵਾਲੀ ਇਹ ਸਰਕਾਰ ਕੱਚੇ ਮੁਲਾਜ਼ਮਾਂ ਵੱਲ ਧਿਆਨ ਨਹੀਂ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਮੰਤਵ ਸਰਕਾਰੀ ਹਸਪਤਾਲਾਂ ਨੂੰ ਤਬਾਹ ਕਰਕੇ ਨਿੱਜੀਕਰਨ ਨੂੰ ਉਤਸ਼ਾਹਿਤ ਕਰਨਾ ਹੈ ਇਸੇ ਕਰਕੇ ਸਰਕਾਰ ਸਰਕਾਰੀ ਹਸਪਤਾਲਾਂ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਭੱਜ ਰਹੀ ਹੈ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਸਿਹਤ ਢਾਂਚਾ ਬਰਕਰਾਰ ਰੱਖਣਾ ਹੈ ਤਾਂ ਕੱਚੇ ਸਿਹਤ ਮੁਲਾਜ਼ਮਾਂ ਨੂੰ ਪੱਕਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਿਹਤ ਮੁਲਾਜ਼ਮ ਸਿਹਤ ਢਾਂਚੇ ਦੀ ਰੀੜ੍ਹ ਦੀ ਹੱਡੀ ਹਨ।ਇਸ ਲਈ ਲੋਕਾਂ ਨੂੰ ਸਰਕਾਰ ਦੀ ਮਨਸ਼ਾ ਸਮਝਣੀ ਚਾਹੀਦੀ ਹੈ ਕਿ ਇਹ ਸਰਕਾਰ ਨਿੱਜੀਕਰਨ ਦੀ ਨੀਤੀ ਨੂੰ ਲਾਗੂ ਕਰਨ ਲਈ ਰਵਾਇਤੀ ਪਾਰਟੀਆਂ ਤੋਂ ਵੀ ਦੋ ਕਦਮ ਅੱਗੇ ਚੱਲ ਰਹੀ ਹੈ।ਇਸੇ ਕਰਕੇ ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਕਿਸੇ ਵੀ ‘ਆਪ’ ਵਿਧਾਇਕ ਨੇ ਕੱਚੇ ਸਿਹਤ ਮੁਲਾਜ਼ਮਾਂ ਦਾ ਮਸਲਾ ਨਹੀਂ ਉਠਾਇਆ ਹਾਲਾਂਕਿ ਇਸ ਸਰਕਾਰ ਵਿੱਚ ਕਈ ਮੰਤਰੀ/ਵਿਧਾਇਕ ਸਿਹਤ ਵਿਭਾਗ ਨਾਲ ਸਬੰਧਤ ਹਨ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਿਹਤ ਵਿਭਾਗ ਦੇ ਕੱਚੇ ਕਾਮੇ ਪੱਕੇ ਨਾ ਕੀਤੇ ਗਏ ਤੇ ਹਰਿਆਣਾ ਦੀ ਤਰਜ਼ ‘ਤੇ ਬਣਦੀਆਂ ਸਹੂਲਤਾਂ ਨਾ ਦਿੱਤੀਆਂ ਗਈਆਂ ਤਾਂ ਉਹ ਪਰਿਵਾਰਾਂ ਸਮੇਤ ਜਲੰਧਰ ਚੋਣ ਦੌਰਾਨ ਸਰਕਾਰ ਦਾ ਭਾਂਡਾ ਭੰਨਣ ਲਈ ਜਾਣਗੇ।