ਮੁੱਖ ਮੰਤਰੀ ਦੱਸਣ ਕਿ ਉਹ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਬਚਾਅ ਕਿਉਂ ਕਰ ਰਹੇ ਨੇ : ਬਿਕਰਮ ਮਜੀਠੀਆ
- ਜਾਅਲੀ ਅਪੰਗਤਾ ਸਰਟੀਫਿਕੇਟ ਬਣਾਉਣ ਲਈ ਕਰਤਾਰਪੁਰ ਸਾਹਿਬ ਦੇ ਵਿਧਾਇਕ ਬਲਕਾਰ ਸਿੰਘ ਦੇ ਖਿਲਾਫ ਵੀ ਕਾਰਵਾਈ ਮੰਗੀ
ਪ੍ਰਮੋਦ ਭਾਰਤੀ
ਜਲੰਧਰ, 7 ਮਈ,2023 - ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲੂ ਚੰਦ ਕਟਾਰੂਚੱਕ ਦਾ ਬਚਾਅ ਕਿਉਂ ਕਰ ਰਹੇ ਹਨ ਜਦੋਂ ਕਿ ਪੁਲਿਸ ਜਾਂਚ ਨੇ ਇਹ ਖੁਲ੍ਹਾਸਾ ਕੀਤਾ ਹੈ ਕਿ ਮੰਤਰੀ ਵੱਲੋਂ ਅਨੁਸੂਚਿਤ ਜਾਤੀ ਦੇ ਨੌਜਵਾਨ ਨਾਲ ਬਦਫੈਲੀ ਕਰਨ ਦੀ ਵੀਡੀਓ ਅਸਲੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਹੁਣ ਇਹ ਸਾਹਮਣੇ ਆ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਇਕ ਨੌਜਵਾਨ ਨੂੰ ਸਰਕਾਰੀ ਨੌਕਰੀ ਦੁਆਉਣ ਦੇ ਨਾਂ ’ਤੇ ਬਦਫੈਲੀ ਕੀਤੀ ਹੈ। ਉਹਨਾਂ ਕਿਹਾ ਕਿ ਜੋ ਵੀਡੀਓ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਗਈ ਸੀ, ਉਸਦੇ ਸਹੀ ਹੋਣ ਦੀ ਗੱਲ ਪ੍ਰਮਾਣਤ ਹੋ ਗਈ ਹੈ।ਉਹਨਾਂ ਕਿਹਾ ਕਿ ਇਸਦੇ ਬਾਵਜੂਦ ਮੁੱਖ ਮੰਤਰੀ ਕਟਾਰੂਚੱਕ ਦੀ ਹਮਾਇਤ ਕਰ ਰਹੇ ਹਨ ਜਿਸ ਕਾਰਨ ਕਟਾਰੂਚੱਕ ਵੱਲੋਂ ਪੀੜਤ ਕੀਤਾ ਗਿਆ ਵਿਅਕਤੀ ਲੁੱਕਣ ਲਈ ਮਜਬੂਰ ਹੋ ਗਿਆ ਹੈ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ’ਬਦਲਾਅ ਵਾਲੀ ਸਰਕਾਰ’ ਦੇ ਅਨੇਕਾਂ ਆਗੂ ਤੇ ਵਿਧਾਇਕ ਭ੍ਰਿਸ਼ਟਾਚਾਰ ਦੇ ਮਾਮਲਿਆਂ ਤੇ ਘਿਨੌਣੇ ਅਪਰਾਧ ਵਿਚ ਸ਼ਾਮਲ ਹਨ ਅਤੇ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਜਲਾਲਾਬਾਦ ਦੇ ਵਿਧਾਇਕ ਗੋਲਡੀ ਬਰਾੜ ਦੇ ਪਿਤਾ ਨੂੰ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਲ ਪਾਇਆ ਗਿਆ ਤੇ ਉਹ ਪੀੜਤਾਂ ਨੂੰ ਬਲੈਕਮੇਲ ਵੀ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਇਹ ਵੀ ਵੇਖਿਆ ਹੈ ਕਿ ਕਿਵੇਂ ਸਾਬਕਾ ਮੰਤਰੀ ਵਿਜੇ ਸਿੰਗਲਾ ਤੇ ਫੌਜਾ ਸਿੰਘ ਸਰਾਰੀ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਖਾਰਜ ਕਰ ਦਿੱਤੇ ਗਏ ਹਨ ਤੇ ਹੁਣ ਤੱਕ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ਉਸ ਟੀ ਵੀ ਪੱਤਰਕਾਰ ਭਾਵਨਾ ਕਿਸ਼ੋਰ ਦੇ ਖਿਲਾਫ ਕੇਸ ਦਰਜ ਕਰਨ ਵਿਚ ਫੁਰਤੀ ਵਿਖਾਈ ਹੈ ਜਿਸਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 45 ਕਰੋੜ ਰੁਪਏ ਖਰਚ ਕੇ ਸਰਕਾਰੀ ਬੰਗਲਾ ਨਵੇਂ ਸਿਰੇ ਤੋਂ ਬਣਾਉਣ ਦਾ ਖੁਲ੍ਹਾਸਾ ਕੀਤਾ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਉਹਨਾਂ ਕਲਾਕਾਰਾਂ ਤੇ ਬੁੱਧੀਜੀਵੀਆਂ ਖਿਲਾਫ ਵੀ ਕੇਸ ਦਰਜ ਕੀਤੇ ਗਏ ਜਿਹਨਾਂ ਸੱਚ ਬੋਲਣ ਦੀ ਦਲੇਰੀ ਵਿਖਾਈ ਤੇ ਅਨੇਕਾਂ ਵੈਬ ਚੈਨਲਾਂ ’ਤੇ ਇਸ ਕਰ ਕੇ ਪਾਬੰਦੀ ਲਗਾਈ ਗਈ ਕਿਉਂਕਿ ਉਹਨਾਂ ਆਪ ਸਰਦਾਰ ਦੇ ਪ੍ਰਾਪੇਗੰਡੇ ਨੂੰ ਨਹੀਂ ਵਿਖਾਇਆ।
ਸਾਬਕਾ ਮੰਤਰੀ ਨੇ ਮੀਡੀਆ ਦਾ ਵੀ ਧੰਨਵਾਦ ਕੀਤਾ ਜਿਸਨੇ ਇਹ ਦੱਸਿਆ ਕਿ ਕਿਵੇਂ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨੇ ਆਪਣੇ ਪੁੱਤਰ ਨੂੰ ਅਪੰਗ ਪੁਲਿਸ ਅਫਸਰਾਂ ਦੇ ਬੱਚਿਆਂ ਵਾਸਤੇ ਸਪੈਸ਼ਲ ਕੋਟੇ ਅਧੀਨ ਸਬ ਇੰਸਪੈਕਟਰ ਲਗਵਾਉਣ ਦੇ ਯਤਨ ਕੀਤੇ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਉਸਦਾ ਕੇਸ ਖਾਰਜ ਕਰ ਦਿੱਤਾ ਤੇ ਉਹਨਾਂ ਅਕਾਲੀ ਦਲ ਵੱਲੋਂ ਮੰਗ ਕੀਤੀ ਕਿ ਵਿਧਾਇਕ ਵੱਲੋਂ ਹਾਸਲ ਕੀਤੇ ਗਏ ਅਪੰਗ ਦੇ ਸਰਟੀਫਿਕੇਟ ਦੀ ਜਾਂਚਕਰਨ ਤੇ ਉਸ ਖਿਲਾਫ ਜਾਂਚ ਕਰਨ ਦੀ ਮੰਗ ਕੀਤੀ।
ਸਰਦਾਰ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਅਤੇ ਸੋਸ਼ਲ ਮੀਡੀਆ ਹੈਂਡਲਰ ਆਰੂਸ਼ੀ ਵੱਲੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਲੀਕ ਕਰਨ ’ਤੇ ਉਹਨਾਂ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ। ਉਹਨਾਂ ਨੇ ਕੇਸ ਵਿਚ ਨਿਆਂ ਵਾਸਤੇ ਮੂਸੇਵਾਲਾ ਦੇ ਮਾਪਿਆਂ ਵੱਲੋਂ ਕੀਤੀਆਂ ਅਪੀਲਾਂ ਦਬਾਉਣ ਲਈ ਵੀ ਸਰਕਾਰ ਦੀ ਨਿਖੇਧੀ ਕੀਤੀ।
ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਹਾਈ ਕੋਰਟ ਵਿਚ ਇਹ ਹਲਫੀਆ ਬਿਆਨ ਦਾਇਰ ਕਰ ਕੇ ਅਨੁਸੂਚਿਤ ਜਾਤੀ ਵਰਗ ਨਾਲ ਧੱਕਾ ਕਰ ਰਹੀ ਹੈ ਕਿ ਐਸ ਸੀ ਉਮੀਦਵਾਰਾਂ ਵਿਚ ਲਾਅ ਅਫਸਰ ਨਿਯੁਕਤ ਹੋਣ ਦੀ ਯੋਗਤਾ ਨਹੀਂ ਹੈ।