ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਜਲੰਧਰ ਜ਼ਿਮਨੀ ਚੋਣ 'ਚ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਸਰਕਾਰ ਨਹੀਂ ਕਰ ਰਹੀ ਮਸਲੇ ਹੱਲ, ਬੇਰੁਜ਼ਗਾਰਾਂ ਨੇ ਨਾਹਰਿਆਂ ਨੂੰ ਮੰਨਿਆ ਹੱਲ
ਦਲਜੀਤ ਕੌਰ
ਜਲੰਧਰ, 01 ਮਈ, 2023: ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਲਗਾਤਾਰ ਸੰਘਰਸ਼ ਕਰਦੀ ਆ ਰਹੀ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਆਪਣੀਆਂ ਜਾਇਜ਼ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਜਲੰਧਰ ਜ਼ਿਮਨੀ ਚੋਣ ਵਿੱਚ ਆਪ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ। ਅੱਜ ਮਜ਼ਦੂਰ ਦਿਵਸ ਮੌਕੇ ਸਥਾਨਕ ਬੱਸ ਸਟੈਂਡ ਵਿਚਲੀ ਪਾਣੀ ਵਾਲੀ ਟੈਂਕੀ ਕੋਲ ਇਕੱਤਰ ਹੋ ਕੇ ਬੇਰੁਜ਼ਗਾਰਾਂ ਨੇ ਸ਼ਹਿਰ ਵਿੱਚ ਰੈਲੀ ਕਰਕੇ ਆਮ ਆਦਮੀ ਪਾਰਟੀ ਦਾ ਪਿੱਟ ਸਿਆਪਾ ਕੀਤਾ।
ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸੇਖਾ ਨੇ ਦੱਸਿਆ ਕਿ ਉਹਨਾਂ ਦੀ ਜੱਥੇਬੰਦੀ ਆਪਣੀਆਂ ਜਾਇਜ਼ ਮੰਗਾਂ ਜਿਵੇਂ ਕਿ ਮਾਸਟਰ ਕਾਡਰ ਦੀ ਵੱਡੀ ਗਿਣਤੀ ਵਿੱਚ ਨਵੀਂ ਭਰਤੀ, ਮਾਸਟਰ ਕੇਡਰ ਭਰਤੀ ਲਈ ਬੀ.ਏ ਵਿੱਚੋਂ 55% ਦੀ ਨਜਾਇਜ਼ ਸ਼ਰਤ ਮੁੱਢੋਂ ਖ਼ਤਮ ਕਰਨ,ਲੈਕਚਰਾਰ ਦੀ ਭਰਤੀ ਵਿੱਚ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਸ਼ਾਮਿਲ ਕਰਨ ਅਤੇ ਸਾਰੇ ਵਿਸ਼ਿਆਂ ਦੀ ਲੈਕਚਰਾਰ ਦੀ ਭਰਤੀ ਆਦਿ ਸੰਬੰਧੀ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ, ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਦੀ ਸਰਕਾਰ ਜੋ ਕਿ ਸਿੱਖਿਆਂ ਢਾਂਚੇ ਵਿੱਚ ਸੁਧਾਰਾਂ ਦੀਆਂ ਗੱਲਾਂ ਕਰਕੇ ਸੱਤਾ ਵਿੱਚ ਆਈ ਸੀ। ਉਹ ਹੁਣ ਉਹਨਾਂ ਦੀਆਂ ਮੰਗਾਂ ਮੰਨਣ ਤੋਂ ਲਗਾਤਾਰ ਭੱਜ ਰਹੀ ਹੈ।
ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੇ ਪੱਧਰ ਤੇ ਘਾਟ ਹੈ ਤੇ ਜਿਸ ਕਰਕੇ ਵੱਡੀ ਗਿਣਤੀ ਵਿੱਚ ਬੱਚੇ ਫੇਲ ਹੋ ਰਹੇ ਹਨ। ਪਰ ਸਿੱਖਿਆ ਮੰਤਰੀ ਹਰਜੋਤ ਬੈਂਸ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ। ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਉਹਨਾਂ ਦੀ ਜੱਥੇਬੰਦੀ ਦੀਆਂ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਹਰ ਵਾਰ ਉਹਨਾਂ ਵੱਲੋਂ ਸਿਰਫ ਲਾਰਾ ਹੀ ਲਾਇਆ ਜਾਂਦਾ ਹੈ ਤੇ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਜਿਸ ਕਰਕੇ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਅਧਿਆਪਕ ਓਵਰਏਜ ਹੋ ਰਹੇ ਨੇ ਤੇ ਉਹਨਾਂ ਦੀਆਂ ਡਿਗਰੀਆਂ ਰੱਦੀ ਹੋ ਰਹੀਆਂ ਹਨ।
ਯੂਨੀਅਨ ਆਗੂ ਬਲਰਾਜ ਮੌੜ ਨੇ ਦੱਸਿਆ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਸੰਬੰਧੀ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਕਰਕੇ ਉਹਨਾਂ ਦੀ ਜੱਥੇਬੰਦੀ ਵਿੱਚ ਪੰਜਾਬ ਸਰਕਾਰ ਪ੍ਰਤੀ ਪੂਰਨ ਤੌਰ ਤੇ ਰੋਸ ਹੈ। ਜਿਸ ਕਰਕੇ ਉਹਨਾਂ ਨੇ 1 ਮਈ ਨੂੰ ਮਜ਼ਦੂਰ ਦਿਵਸ ਮੌਕੇ ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਸੀ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਪੰਜਾਬ ਦੇ ਜਿਸ ਵੀ ਕੋਨੇ ਵਿੱਚ ਆਉਣਗੇ ਉਹਨਾਂ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਮਨੀਸ਼ ਫਾਜ਼ਿਲਕਾ, ਹਰਵਿੰਦਰ ਬਠਿੰਡਾ, ਜਗਸੀਰ ਝਲੂਰ, ਸੁਖਪਾਲ ਖਾਨ, ਮਨਦੀਪ ਭੱਦਲਵੱਢ, ਅਵਤਾਰ ਭੁੱਲਰਹੇੜੀ, ਚਿਮਨ ਲਾਲ, ਹਰਪ੍ਰੀਤ ਫਿਰੋਜ਼ਪੁਰ, ਗੁਰਮੇਲ ਬਰਗਾੜੀ, ਗੁਰਮੁਖ ਨਸੀਬਪੁਰਾ, ਰਾਜਾ ਮੁਰਾਦ, ਰਮਨ ਕੁਮਾਰ, ਸਤਪਾਲ ਸਿੰਘ, ਪਰਮਿੰਦਰ ਸਿੰਘ, ਸੰਨੀ, ਜਸਦੀਪ, ਬਿਕਰਮ, ਮਨਜੀਤ ਕੌਰ, ਮਨਪ੍ਰੀਤ ਕੌਰ, ਮਨਜੀਤ ਕੌਰ, ਬਲਜੀਤ ਕੌਰ, ਕਮਲਜੀਤ ਕੌਰ, ਲੱਛਮੀ ਪਵਾਰ, ਰਾਜਿੰਦਰ ਕੁਮਾਰ, ਮੁਕੇਸ਼ ਕੁਮਾਰ, ਨਿਸ਼ਾਨ ਸਿੰਘ, ਅਮ੍ਰਿਤਪਾਲ ਸਿੰਘ, ਗੁਰਜੰਟ ਸਿੰਘ, ਕੁਲਵੀਰ ਸਿੰਘ, ਰਘਬੀਰ ਸਿੰਘ, ਦਲਜੀਤ ਸਿੰਘ, ਗੁਰਮੀਤ ਸਿੰਘ, ਰਫ਼ੀ, ਗੋਪੀ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।