ਜਲੰਧਰ ਲੋਕ ਸਭਾ ਚੋਣਾਂ ਦੌਰਾਨ ਪਿੰਡ ਮੀਰਪੁਰ 'ਚ ਕਾਂਗਰਸ ਤੇ ਆਪ ਵਰਕਰਾਂ 'ਚ ਹੋਇਆ ਵਿਵਾਦ
ਬਲਵਿੰਦਰ ਸਿੰਘ ਧਾਲੀਵਾਲ
ਜਲੰਧਰ 10 ਮਈ 2023 - ਜਲੰਧਰ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਦੇ ਪਿੰਡ ਮੀਰਪੁਰ 'ਚ ਉਸ ਸਮੇਂ ਮਹੌਲ ਤਣਾਅ ਪੂਰਨ ਬਣ ਗਿਆ ਜਦੋਂ ਜ਼ਿਮਣੀ ਚੋਣ ਸਬੰਧੀ ਪਿੰਡ ਵਿੱਚ ਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਬੂਥ 'ਤੇ ਹੋਏ ਵਿਵਾਦ ਦੌਰਾਨ ਸਰਪੰਚ ਪਤੀ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ। ਪਿੰਡ ਦੀ ਸਰਪੰਚ ਦੇ ਪਤੀ ਗੋਪੀ ਵੱਲੋਂ ਕਥਿਤ ਤੌਰ ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਦੇ ਲਗਾਏ ਹੋਏ ਬੂਥ ਨੂੰ ਹਟਾਉਣ ਲਈ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਉਨ੍ਹਾਂ ਨਾਲ ਵਿਵਾਦ ਕੀਤਾ ਗਿਆ ਹੈ, ਜਿਸ ਦੌਰਾਨ ਬੂਥ 'ਤੇ ਬੈਠਾ ਅਰਸ਼ਪ੍ਰੀਤ ਸਿੰਘ ਜ਼ਖ਼ਮੀ ਹੋ ਗਿਆ।
ਉਪਰੰਤ ਜਦ ਉਹ ਆਪਣੇ ਘਰ ਵਾਪਸ ਆਇਆ ਤਾਂ ਆਮ ਆਦਮੀ ਪਾਰਟੀ ਦੇ ਪਿੰਡ ਵਿਚ ਹੀ ਰਹਿ ਰਹੇ ਵਰਕਰਾਂ ਅਤੇ ਉਨ੍ਹਾਂ ਦੇ ਨਾਲ ਪਿੰਡ ਤੋਂ ਬਾਹਰਲੇ ਪਿੰਡਾਂ ਦੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵੜ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਪੁਲਿਸ ਵੱਲੋਂ ਮੌਕੇ 'ਤੇ ਹੀ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਉਥੇ ਇਕ ਵਾਹਨ ਸਮੇਤ ਹਥਿਆਰ ਵੀ ਬਰਾਮਦ ਕੀਤੇ ਹਨ। ਪਰ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ।
ਉੱਧਰ, ਦੂਜੀ ਧਿਰ ਦੇ ਵਿਅਕਤੀ ਗੁਰਸਿਮਰਨ ਸਿੰਘ, ਹਰਸਿਮਰਨ ਸਿੰਘ ਤੇ ਕਿਰਨਜੀਤ ਕੌਰ ਨੇ ਕਿਹਾ ਕਿ ਉਹ ਵੋਟਾਂ ਪਾਉਣ ਲਈ ਬੂਥ 'ਤੇ ਜਾ ਰਹੇ ਸਨ ਤਾਂ ਸਰਪੰਚ ਦੇ ਪਤੀ ਨੇ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਮੌਕੇ ਤੇ ਪੁਹੰਚੇ ਐਸਐਚਓ ਸੁਖਪਾਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।