ਜਲੰਧਰ ਜ਼ਿਮਨੀ ਚੋਣ: ਹਰਚੰਦ ਸਿੰਘ ਬਰਸਟ ਨੇ ਲੋਕਾਂ ਨੂੰ ਕੀਤੀ ਵੋਟ ਪਾਉਣ ਦੀ ਅਪੀਲ
"ਬੂਥ ਕੈਪਚਰਿੰਗ ਦਾ ਰੌਲਾ ਪਾ ਲੋਕਾਂ ਨੂੰ ਡਰਾ ਨਹੀਂ ਸਕਣਗੀਆਂ ਵਿਰੋਧ ਪਾਰਟੀਆਂ, ਜਲੰਧਰ ਵਿੱਚ ਵੋਟਾਂ ਨਿਰਪੱਖ ਅਤੇ ਅਮਨ ਅਮਾਨ ਨਾਲ ਸਿਰੇ ਚੜ੍ਹਨਗੀਆਂ" - ਹਰਚੰਦ ਬਰਸਟ
ਵਿਰੋਧੀ ਕੂੜ-ਪ੍ਰਚਾਰ ਦੀ ਰਾਜਨੀਤੀ ਕਰਦੇ ਹਨ ਜਦਕਿ ਅਸੀਂ ਮਾਨ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਸਿਰ 'ਤੇ ਵੋਟ ਮੰਗ ਰਹੇ ਹਾਂ - ਬਰਸਟ
ਜਲੰਧਰ, 8 ਮਈ 2023 : ਅੱਜ ਜਲੰਧਰ ਜ਼ਿਮਨੀ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਮੀਡੀਆ ਨੂੰ ਮੁਖ਼ਾਤਿਬ ਹੁੰਦਿਆਂ 'ਆਪ ਪੰਜਾਬ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਜਲੰਧਰ ਵਾਸੀਆਂ ਨੂੰ 10 ਮਈ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕਰਦਿਆਂ ਵਿਰੋਧੀਆਂ ਵੱਲੋਂ ਲਾਏ ਜਾ ਰਹੇ ਬੂਥ ਕੈਪਚਰਿੰਗ ਦੇ ਦੋਸ਼ਾਂ ਦਾ ਵੀ ਪੂਰੀ ਤਰ੍ਹਾਂ ਖੰਡਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਜਲੰਧਰ ਤੋਂ ਪ੍ਰਭਾਵਸ਼ਾਲੀ 'ਆਪ ਆਗੂ ਮਹਿੰਦਰ ਭਗਤ ਅਤੇ ਕੀਮਤੀ ਲਾਲ ਭਗਤ ਵੀ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ ਹਰਚੰਦ ਬਰਸਟ ਨੇ ਕਿਹਾ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਹੱਕ ਹੈ ਅਤੇ ਜੇਕਰ ਕੋਈ ਇਹ ਸੋਚਦਾ ਹੈ ਕਿ ਉਸਦੀ ਇੱਕ ਵੋਟ ਨਾਲ ਕੋਈ ਫ਼ਰਕ ਨਹੀਂ ਪੈਂਦਾ ਤਾਂ ਇਹ ਉਸਦੀ ਭੁੱਲ ਹੈ। ਉਨ੍ਹਾਂ ਕਿਹਾ ਕਿ ਹਰ ਵੋਟ ਕੀਮਤੀ ਹੈ ਅਤੇ ਅੱਜ ਦੇ ਸਮੇਂ ਵੋਟਾਂ ਨਾਲ ਹੀ ਇਨਕਲਾਬ ਲਿਆਂਦਾ ਜਾ ਸਕਦਾ ਹੈ।
ਇਸ ਮੌਕੇ ਉਨ੍ਹਾਂ ਵਿਰੋਧੀ ਪਾਰਟੀਆਂ ਵੱਲੋਂ ਲਾਏ ਜਾ ਰਹੇ ਬੂਥ ਕੈਪਚਰਿੰਗ ਦੇ ਦੋਸ਼ਾਂ ਦਾ ਵੀ ਖੰਡਨ ਕੀਤਾ। ਬਰਸਟ ਨੇ ਕਿਹਾ ਕਿ ਆਪਣੀ ਹਾਰ ਹੁੰਦੀ ਵੇਖ ਵਿਰੋਧੀ ਹੁਣ ਕੂੜ ਪ੍ਰਚਾਰ ਕਰਨ 'ਤੇ ਉਤਰ ਆਏ ਹਨ। ਜਦਕਿ ਆਮ ਆਦਮੀ ਪਾਰਟੀ ਹਮੇਸ਼ਾ ਨਿਰਪੱਖ ਚੋਣਾਂ ਕਰਵਾਉਣ ਲਈ ਆਪਣਾ ਯੋਗਦਾਨ ਪਾਉਂਦੀ ਹੈ।
ਬਰਸਟ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਝੂਠੇ ਪ੍ਰਚਾਰ ਤੋਂ ਬਿਨਾਂ ਕੋਈ ਮੁੱਦਾ ਹੀ ਨਹੀਂ ਹੈ। ਜਦਕਿ ਅਸੀਂ ਮਾਨ ਸਰਕਾਰ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਕੀਤੇ ਕੰਮਾਂ ਦੇ ਆਧਾਰ 'ਤੇ ਹਰ ਘਰ ਤੱਕ ਪਹੁੰਚ ਕਰਦਿਆਂ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਾਂ। ਇਸ ਮੌਕੇ ਉਨ੍ਹਾਂ ਨੌਜਵਾਨਾਂ ਪਿਛਲੇ ਇੱਕ ਸਾਲ ਦੌਰਾਨ ਦਿੱਤੀਆਂ 30000 ਦੇ ਕਰੀਬ ਨੌਕਰੀਆਂ, 600 ਯੂਨਿਟ ਮੁਫ਼ਤ ਬਿਜਲੀ, ਕਿਸਾਨਾਂ ਨੂੰ ਫ਼ਸਲੀ ਮੁਆਵਜ਼ੇ, 584 ਮੁਹੱਲਾ ਕਲੀਨਿਕ, ਮੈਡੀਕਲ ਕਾਲਜ, ਸਕੂਲ ਆਫ਼ ਐਮੀਨੈਂਸ ਸਮੇਤ ਐਕਸ ਗ੍ਰੇਸ਼ੀਆ ਦੀ ਵਧਾਕੇ 1 ਕਰੋੜ ਕੀਤੀ ਰਾਸ਼ੀ ਆਦਿ ਕੰਮਾ ਦਾ ਜ਼ਿਕਰ ਕੀਤਾ।
ਅੰਤ ਵਿੱਚ ਹਰਚੰਦ ਬਰਸਟ ਨੇ ਜਲੰਧਰ ਵਾਸੀਆਂ ਦੇ ਨਾਲ-ਨਾਲ ਸਮੂਹ ਪਾਰਟੀਆਂ, ਆਗੂਆਂ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਦਿਨ-ਰਾਤ ਮਿਹਨਤ ਕਰਨ ਬਦਲੇ ਪੱਤਰਕਾਰ ਭਾਈਚਾਰੇ ਅਤੇ ਮੀਡੀਆ ਅਦਾਰਿਆਂ ਦਾ ਵੀ ਧੰਨਵਾਦ ਕਰਦਿਆਂ ਮੁੜ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਬੇਨਤੀ ਕੀਤੀ।