ਮੁੱਖ-ਮੰਤਰੀ ਮਾਨ ਦੀ ਹਾਜ਼ਰੀ ਵਿੱਚ ਜਲੰਧਰ ਦੇ ਕਈ ਸਿਰਕੱਢ ਆਗੂਆਂ ਨੇ ਫੜ੍ਹਿਆ 'ਆਪ ਦਾ ਪੱਲਾ
- ਪੰਜਾਬ ਦੇ ਲੋਕ 'ਆਪ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ - ਭਗਵੰਤ ਮਾਨ
ਜਲੰਧਰ, 4 ਮਈ 2023 - ਜਲੰਧਰ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਲਾਕੇ ਦੇ ਕਈ ਪ੍ਰਭਾਵਸ਼ਾਲੀ ਆਗੂ ਅਤੇ ਹੋਰ ਸਮਾਜ ਸੇਵੀ ਸਖ਼ਸ਼ੀਅਤਾਂ 'ਆਪ ਵਿੱਚ ਸ਼ਾਮਿਲ ਹੋ ਗਈਆਂ। ਮੁੱਖ-ਮੰਤਰੀ ਭਗਵੰਤ ਮਾਨ ਨੇ ਅੱਜ ਨਿੱਜੀ ਤੌਰ ਤੇ ਇਨ੍ਹਾਂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਇਸ ਮੌਕੇ ਸ.ਮਾਨ ਤੋਂ ਇਲਾਵਾ 'ਆਪ ਦੇ ਕਈ ਹੋਰ ਆਗੂ ਵੀ ਉੱਥੇ ਮੌਜੂਦ ਸਨ।
ਇਨ੍ਹਾਂ ਸ਼ਾਮਿਲ ਹੋਏ ਮੈਂਬਰਾ ਵਿੱਚ ਸੀਨੀਅਰ ਕਾਂਗਰਸੀ ਆਗੂ ਅਤੇ ਐੱਸਸੀ ਵਿੰਗ ਦੁਆਬਾ ਦੇ ਇੰਚਾਰਜ ਰਾਜ ਕੁਮਾਰ ਰਾਜੂ, 7 ਵਾਰ ਦੇ ਸਰਪੰਚ, ਬਲਾਕ ਸੰਮਤੀ ਚੇਅਰਮੈਨ, ਜ਼ਿਲ੍ਹਾ ਪਰੀਸ਼ਦ ਉੱਪ ਚੇਅਰਮੈਨ, ਰੋਟਰੀ ਕਲੱਬ ਸਮੇਤ ਕਈ ਹੋਰ ਸਨਮਾਨਿਤ ਅਹੁਦੇ ਸੰਭਾਲ ਚੁੱਕੇ ਸੋਢੀ ਰਾਮ (ਗੁਰਾਇਆ), ਸੁਖਦੇਵ ਸਿੰਘ, ਸ਼੍ਰੀਮਤੀ ਤੋਸ਼ੀ ਸਰਪੰਚ ਅਤੇ ਸਾਥੀ,ਜਲੰਧਰ ਤੋਂ ਵਿਧਾਇਕ ਰਹੇ ਮਰਹੂਮ ਰਾਜ ਕੁਮਾਰ ਗੁਪਤਾ ਦੇ ਪੁੱਤਰ ਪਵਨ ਕੁਮਾਰ ਗੁਪਤਾ (ਸਾਬਕਾ ਕੌਂਸਲਰ), ਵਿਪਿਨ ਚੱਢਾ, ਡਾ:ਵਿਮਲ ਚੱਢਾ ਅਤੇ ਸਾਥੀ ਪ੍ਰਮੁੱਖ ਹਨ।
ਉਪਰੋਕਤ ਸਭ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਮੁੱਖ-ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਵਾਸੀ 'ਆਪ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਦਿਨੋਂ-ਦਿਨ ਲੋਕਾਂ ਦੇ 'ਆਪ ਪ੍ਰਤੀ ਵੱਧਦੇ ਭਰੋਸੇ ਨੇ ਵਿਖਾ ਦਿੱਤਾ ਹੈ ਕਿ ਪੰਜਾਬ ਨੂੰ ਰੰਗਲਾ ਬਣਾਉਣ ਲਈ ਸਾਡੀਆਂ ਕੋਸ਼ਿਸ਼ਾਂ ਸਹੀ ਦਿਸ਼ਾ ਵੱਲ ਜਾ ਰਹੀਆਂ ਹਨ। ਉਨ੍ਹਾਂ ਸ਼ਾਮਿਲ ਹੋਏ ਸਮੂਹ ਲੋਕਾਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਉਨ੍ਹਾਂ ਦਾ ਬਣਦਾ ਮਾਨ ਸਨਮਾਨ ਹਮੇਸ਼ਾ ਕਾਇਮ ਰੱਖਿਆ ਜਾਵੇਗਾ।