ਡਾ. ਸੁਖਵਿੰਦਰ ਸੁੱਖੀ ਨੂੰ ਐਮ ਪੀ ਚੁਣਨਾ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਤੋਂ ਢੁਕਵੀਂ ਸ਼ਰਧਾਂਜਲੀ ਹੋਵੇਗੀ: ਸੁਖਬੀਰ ਸਿੰਘ ਬਾਦਲ
- ਕਿਹਾ ਕਿ ਬਾਦਲ ਸਾਹਿਬ ਆਪਣੇ ਅਖੀਰਲੇ ਦਿਨਾਂ ਵਿਚ ਪੰਜਾਬ ਵਿਚ ਖੇਡੀ ਜਾ ਰਹੀ ਵੰਡ ਪਾਊ ਰਾਜਨੀਤੀ ਪ੍ਰਤੀ ਬਹੁਤ ਚਿੰਤਤ ਸਨ
ਪ੍ਰਮੋਦ ਭਾਰਤੀ
ਫਿਲੌਰ, 7 ਮਈ,2023 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਇਸ ਸੀਟ ਤੋਂ ਲੋਕ ਸਭਾ ਲਈ ਚੁਣ ਕੇ ਗਠਜੋੜ ਨੂੰ ਮਜ਼ਬੂਤ ਕਰਨਾ ਹੀ ਪੰਜ ਵਾਰ ਮੁੱਖ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਭ ਤੋਂ ਢੁਕਵੀਂ ਸ਼ਰਧਾਂਜਲੀ ਹੋਵੇਗੀ।
ਇਥੇ ਗੁਰਾਇਆ ਵਿਖੇ ਡਾ. ਸੁਖਵਿੰਦਰ ਸੁੱਖੀ ਦੇ ਹੱਕ ਵਿਚ ਵਿਸ਼ਾਲ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਾਦਲ ਸਾਹਿਬ ਆਪਣੇ ਅਖੀਰਲੇ ਦਿਨਾਂ ਵਿਚ ਸੂਬੇ ਦਾ ਮਾਹੌਲ ਖਰਾਬ ਕਰਨ ਵਾਸਤੇ ਖੇਡੀ ਜਾ ਰਹੀ ਵੰਡ ਪਾਊ ਰਾਜਨੀਤੀ ਪ੍ਰਤੀ ਬਹੁਤ ਚਿੰਤਤ ਸਨ। ਉਹ ਮਹਿਸੂਸ ਕਰਦੇ ਸਨ ਕਿ ਪੰਜਾਬੀਆਂ ਨੂੰ ਵੱਖਵਾਦੀ ਦੱਸ ਕੇ ਅਤੇ ਉਹਨਾਂ ’ਤੇ ਕੌਮੀ ਸੁਰੱਖਿਆ ਐਕਟ (ਐਨ ਐਸ ਏ) ਲਗਾ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਅਜਿਹੀਆਂ ਤਾਕਤਾਂ ਨੂੰ ਜ਼ਰੂਰ ਹਰਾਉਣਾ ਚਾਹੀਦਾ ਹੈ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਨਾਲ ਰਲ ਕੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ।
ਸਾਬਕਾ ਮੁੱਖ ਮੰਤਰੀ ਵਾਂਗ ਦਾੜ੍ਹੀ ਖੁੱਲ੍ਹੀ ਛੱਡ ਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਭਾਵੁਕ ਤਕਰੀਰ ਵਿਚ ਆਖਿਆ ਕਿ ਮੈਂ ਸਹੁੰ ਖਾਧੀ ਹੈ ਕਿ ਬਾਦਲ ਸਾਹਿਬ ਵਾਂਗੂ ਹੀ ਪੰਜਾਬ ਨੂੰ ਅੱਗੇ ਲਿਜਾਣਾ ਹੈ। ਸਾਰੀ ਪਾਰਟੀ ਇਸ ਕੰਮ ਪ੍ਰਤੀ ਸਮਰਪਿਤ ਤੇ ਵਚਨਬੱਧ ਹੈ। ਅਸੀਂ ਬਾਦਲ ਸਾਹਿਬ ਦੀਆਂ ਕਿਸਾਨ ਪੱਖੀ ਤੇ ਗਰੀਬ ਪੱਖੀ ਨੀਤੀਆਂ ’ਤੇ ਚੱਲਾਂਗੇ ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਸਿਧਾਂਤ ’ਤੇ ਡੱਟ ਕੇ ਪਹਿਰਾ ਦੇਵਾਂਗੇ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ 10 ਦਿਨਾਂ ਵਿਚ ਅਨੇਕਾਂ ਲੋਕਾਂ ਨੇ ਮੇਰੇ ਆ ਕੇ ਦੱਸਿਆ ਹੈ ਕਿ ਕਿਵੇਂ ਬਾਦਲ ਸਾਹਿਬ ਨੇ ਉਹਨਾਂ ਦੇ ਜੀਵਨ ਬਦਲੇ। ਉਹਨਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਬਾਦਲ ਸਾਹਿਬ ਨੇ ਸੱਤਾ ਦਹਾਕਿਆਂ ਦੇ ਜਨਤਕ ਜੀਵਨ ਵਿਚ ਜੋ ਕੀਤਾ, ਜੇਕਰ ਮੈਂ ਉਸਦਾ 10 ਫੀਸਦੀ ਵੀ ਕਰ ਲਵਾਂ ਤਾਂ ਮੇਰੇ ਲਈ ਵੱਡੀ ਕਾਮਯਾਬੀ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਆਧੁਨਿਕ ਪੰਜਾਬ ਦੇ ਨਿਰਮਾਤਾ ਸਨ ਤੇ ਕਿਵੇਂ ਉਹਨਾਂ ਨੇ ਮੰਡੀ ਪ੍ਰਣਾਲੀ ਲਿਆਂਦੀ ਤਾਂ ਜੋ ਅਨਾਜ ਦੀ ਖਰੀਦ ਕੀਤੀ ਜਾ ਸਕੇ, ਫੋਕਲ ਪੁਆਇੰਟ ਬਣਾਏ, ਥਰਮਲ ਪਲਾਂਟ ਲਗਾਏ, ਚਾਰ ਲੇਨ ਐਕਸਪ੍ਰੈਸ ਵੇਅ ਤੇ ਹਵਾਈ ਅੱਡੇ ਬਣਾਏ। ਉਹਨਾਂ ਕਿਹਾ ਕਿ ਬਾਦਲ ਸਾਹਿਬ ਨੇ ਆਪਣੇ ਕਾਰਜਕਾਲ ਵਿਚ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ ਪਰ ਅੱਜ ਸਾਨੂੰ ਬਿਜਲੀ ਸੰਕਟ ਦਾ ਸਾਹਮਣਾ ਇਸ ਕਰ ਕੇ ਕਰਨਾ ਪੈ ਰਿਹਾ ਹੈ ਕਿਉਂਕਿ ਮੌਜੂਦਾ ਸਰਕਾਰ ਤੇ ਪਿਛਲੀ ਕਾਂਗਰਸ ਸਰਕਾਰ ਪੰਜਾਬ ਵਿਚ ਵਾਧੂ ਬਿਜਲੀ ਪੈਦਾ ਕਰਨ ਦਾ ਇਕ ਵੀ ਕੰਮ ਨਹੀਂ ਕਰ ਸਕੀ।
ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਡਾ. ਸੁੱਖੀ ਇਕ ਮੰਨੇ ਪ੍ਰਮੰਨੇ ਡਾਕਟਰ ਹਨ ਤੇ ਨਾਲ ਹੀ ਪ੍ਰਸਿੱਧ ਸਮਾਜ ਸੇਵੀ ਹਨ। ਉਹਨਾਂ ਦਾ ਵਿਧਾਨ ਸਭਾ ਵਿਚ ਲੋਕਾਂ ਦੇ ਮੁੱਦੇ ਚੁੱਕਣ ਦਾ ਰਿਕਾਰਡ ਰਿਹਾ ਹੈ। ਉਹਨਾਂ ਕਿਹਾ ਕਿ ਦੂਜੇ ਆਪ ਤੇ ਭਾਜਪਾ ਉਮੀਦਵਾਰ ਤਾਂ ਦੂਜੀਆਂ ਪਾਰਟੀਆਂ ਤੋਂ ਆਏ ਹਨ ਜਦੋਂ ਕਿ ਕਾਂਗਰਸ ਦੇ ਉਮੀਦਵਾਰ ਦੇ ਪਰਿਵਾਰ ਨੇ ਹਲਕੇ ਦੀ 9 ਸਾਲਾਂ ਤੋਂ ਪ੍ਰਤੀਨਿਧਤਾ ਕਰਨ ਦੇ ਬਾਵਜੂਦ ਹਲਕੇ ਵਾਸਤੇ ਕੱਖ ਨਹੀਂ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਅਤੇ ਦੱਸਿਆ ਕਿ ਕਿਵੇਂ ਚੌਧਰੀ ਪਰਿਵਾਰ ਜਲੰਧਰ ਵਾਸਤੇ ਇਕ ਵੀ ਪ੍ਰਾਪਤੀ ਨਹੀਂ ਕਰ ਸਕਿਆ ਤੇ ਕਿਵੇਂ ਆਪ ਸਰਕਾਰ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਵਿਤਕਰਾ ਕਰ ਰਹੀ ਹੈ।
ਇਸ ਮੌਕੇ ਆਪ ਦੇ ਇਸ ਹਲਕੇ ਤੋਂ 2017 ਵਿਚ ਉਮੀਦਵਾਰ ਰਹੇ ਸਰੂਪ ਸਿੰਘ ਕੰਧਿਆਣਾ ਜਿਹਨਾਂ 35000 ਤੋਂ ਵੱਧ ਵੋਟਾਂ ਲਈਆਂ ਸਨ, ਨੇ ਡਾ. ਸੁੱਖੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ।