‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ ਆਪਣੇ ਗੜ੍ਹ ਜਲੰਧਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰੋਡ ਸ਼ੋਅ ਕੀਤਾ, ਪਤਨੀ ਸੁਨੀਤਾ ਰਿੰਕੂ ਵੀ ਰਹੇ ਨਾਲ
- ਰੋਡ ਸ਼ੋਅ ਵਿੱਚ ਦਿਖਿਆ ਸ਼ਕਤੀ ਪ੍ਰਦਰਸ਼ਨ ਦਾ ਨਜ਼ਾਰਾ, ਹਜ਼ਾਰਾਂ ਸਮਰਥਕ ਚੱਲੇ ਨਾਲ!
- ਸ਼੍ਰੀ ਗੁਰੂ ਰਵਿਦਾਸ ਮੰਦਰ ਵਿਖੇ ਮੱਥਾ ਟੇਕ ਕੇ ਕੀਤੀ ਰਿੰਕੂ ਨੇ ਰੋਡ ਸ਼ੋਅ ਦੀ ਸ਼ੁਰੂਆਤ, ਜੋਤੀ ਚੌਕ ਵਿਖੇ ਹੋਈ ਰੋਡ ਸ਼ੋਅ ਦੀ ਸਮਾਪਤੀ ।
- ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਲੋਕਾਂ ਦੀ ਅਵਾਜ਼ ਪਾਰਲੀਮੈਂਟ 'ਚ ਬੁਲੰਦ ਕੀਤੀ, ਉਸੇ ਤਰ੍ਹਾਂ ਅਸੀਂ ਵੀ ਸੰਸਦ 'ਚ ਬੁਲੰਦ ਕਰਾਂਗੇ ਤੁਹਾਡੀ ਆਵਾਜ਼-ਸੁਸ਼ੀਲ ਰਿੰਕੂ
ਜਲੰਧਰ, 29 ਅਪ੍ਰੈਲ 2023 - ਜਲੰਧਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਸ਼ਨੀਵਾਰ ਨੂੰ ਆਪਣੇ ਗੜ੍ਹ ਜਲੰਧਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਹਜ਼ਾਰਾਂ ਸਮਰਥਕਾਂ ਅਤੇ ਕਾਰਕੁੰਨਾਂ ਨਾਲ ਵਿਸ਼ਾਲ ਰੋਡ ਸ਼ੌਅ ਕੱਢਿਆ। ਰੋਡ ਸ਼ੋਅ ਦੌਰਾਨ ਉਨ੍ਹਾਂ ਦੀ ਪਤਨੀ ਸੁਨੀਤਾ ਰਿੰਕੂ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ।
ਸੁਸ਼ੀਲ ਰਿੰਕੂ ਨੇ ਜਲੰਧਰ ਦੇ ਪ੍ਰਸਿੱਧ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਮੱਥਾ ਟੇਕ ਕੇ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ। ਇੱਥੋਂ ਸ਼ੁਰੂ ਹੋ ਕੇ ਰੋਡ ਸ਼ੋਅ ਬਸਤੀ ਗੁਜਾ, ਈਵਨਿੰਗ ਕਾਲਜ, ਪੀਰ ਝੰਡੀਆ ਚੌਕ, ਅਵਤਾਰ ਨਗਰ ਰੋਡ, ਸ਼ਹਿਨਾਈ ਪੈਲੇਸ, ਭਗਵਾਨ ਵਾਲਮੀਕੀ ਚੌਕ, ਰਵਿਦਾਸ ਚੌਂਕ, ਮਾਡਲ ਹਾਊਸ, ਭਾਰਗਵ ਕੈਂਪ, ਮੇਨ ਬਾਜ਼ਾਰ, ਬੁੱਢਾ ਮਾਲ ਗਰਾਊਂਡ, ਲੱਕੜ ਚੌਕ, ਨਾਰੀ ਨਿਕੇਤਨ ਅਤੇ ਡਾਕਟਰ ਅੰਬੇਡਕਰ ਚੌਕ ਤੋਂ ਹੁੰਦੇ ਹੋਏ ਜਯੋਤੀ ਚੌਕ ਤੱਕ ਪੁੱਜਾ।
ਰੋਡ ਸ਼ੋਅ ਵਿੱਚ ਸੁਸ਼ੀਲ ਕੁਮਾਰ ਰਿੰਕੂ ਅਤੇ ਆਮ ਆਦਮੀ ਪਾਰਟੀ ਦਾ ਸ਼ਕਤੀ ਪ੍ਰਦਰਸ਼ਨ ਦੇਖਣ ਨੂੰ ਮਿਲਿਆ। 'ਆਪ' ਦੇ ਹਜ਼ਾਰਾਂ ਸਮਰਥਕ ਅਤੇ ਆਮ ਲੋਕ ਉਨ੍ਹਾਂ ਦੇ ਨਾਲ ਚੱਲੇ। ਰੋਡ ਸ਼ੋਅ ਨੂੰ ਲੈ ਕੇ ਆਮ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਹਰ ਜਗ੍ਹਾ ਲੋਕਾਂ ਨੇ ਉਮੀਦਵਾਰ ਦਾ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।
ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਸ਼ੀਲ ਰਿੰਕੂ ਨੇ ਕਿਹਾ ਕਿ ਅਸੀਂ ਜਲੰਧਰ ਦੇ ਆਮ ਲੋਕਾਂ ਦੀ ਆਵਾਜ਼ ਨੂੰ ਪਾਰਲੀਮੈਂਟ ਤੱਕ ਪਹੁੰਚਾਵਾਂਗੇ ਅਤੇ ਜਲੰਧਰ ਦੇ ਵਿਕਾਸ ਲਈ ਕੇਂਦਰੀ ਫੰਡ ਲਿਆਵਾਂਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਵਿੱਚ ਬੁਲੰਦ ਕੀਤੀ ਹੈ, ਉਸੇ ਤਰ੍ਹਾਂ ਅਸੀਂ ਪਾਰਲੀਮੈਂਟ ਵਿੱਚ ਤੁਹਾਡੀ ਵੀ ਆਵਾਜ਼ ਜ਼ੋਰਦਾਰ ਢੰਗ ਨਾਲ ਚੁੱਕਾਂਗੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਇੱਕ ਸਾਲ ਦੌਰਾਨ ਕਈ ਇਤਿਹਾਸਕ ਫੈਸਲੇ ਲਏ ਹਨ ਅਤੇ ਕਈ ਬੇਮਿਸਾਲ ਕੰਮ ਕੀਤੇ ਹਨ, ਜੋ ਪਿਛਲੀਆਂ ਸਰਕਾਰਾਂ 70 ਸਾਲਾਂ ਵਿੱਚ ਨਹੀਂ ਕਰ ਸਕੀਆਂ। ਉਨ੍ਹਾਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸਰਕਾਰ ਦੀਆਂ ਇਮਾਨਦਾਰ ਨੀਤੀਆਂ ਅਤੇ ਕੰਮਾਂ 'ਤੇ ਮੋਹਰ ਲਗਾਓ ਅਤੇ ਉਨ੍ਹਾਂ ਦਾ ਹੌਸਲਾ ਵਧਾਓ ਤਾਂ ਜੋ ਅਸੀਂ ਮਿਲ ਕੇ ਪੰਜਾਬ ਲਈ ਦੁੱਗਣੀ ਰਫ਼ਤਾਰ ਨਾਲ ਅੱਗੇ ਵਧਦਿਆਂ ਕੰਮ ਕਰ ਸਕੀਏ।